UK 'ਚ ਭਾਰਤ ਦੀ ਇਸ ਦਿੱਗਜ ਆਈ. ਟੀ. ਕੰਪਨੀ 'ਚ ਨੌਕਰੀ ਦਾ ਖੁੱਲ੍ਹਾ ਮੌਕਾ
Wednesday, Feb 10, 2021 - 02:01 PM (IST)
ਨਵੀਂ ਦਿੱਲੀ- ਤਕਨੀਕੀ ਖੇਤਰ ਵਿਚ ਮੁਹਾਰਤ ਰੱਖਣ ਵਾਲੇ ਪੇਸ਼ੇਵਰਾਂ ਲਈ ਯੂ. ਕੇ. ਵਿਚ ਭਾਰਤ ਦੀ ਦਿੱਗਜ ਆਈ. ਟੀ. ਕੰਪਨੀ ਵਿਚ ਨੌਕਰੀ ਦਾ ਮੌਕਾ ਖੁੱਲ੍ਹ ਗਿਆ ਹੈ। ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਤੱਕ ਬ੍ਰਿਟੇਨ ਵਿਚ 1,500 ਤਕਨੀਕੀ ਕਰਮਚਾਰੀਆਂ ਦੀ ਭਰਤੀ ਕਰੇਗੀ।
ਬ੍ਰਿਟੇਨ ਦੇ ਵਪਾਰ ਮੰਤਰੀ ਲਿਜ ਟ੍ਰਸ ਅਤੇ ਟੀ. ਸੀ. ਐੱਸ. ਦੇ ਸੀ. ਈ. ਓ. ਰਾਜੇਸ਼ ਗੋਪੀਨਾਥਨ ਵਿਚਕਾਰ ਮੁੰਬਈ ਵਿਚ ਸੋਮਵਾਰ ਨੂੰ ਹੋਈ ਬੈਠਕ ਤੋਂ ਪਿੱਛੋਂ ਇਹ ਘੋਸ਼ਣਾ ਕੀਤੀ ਗਈ।
ਬੈਠਕ ਦੌਰਾਨ ਦੋਹਾਂ ਪੱਖਾਂ ਨੇ ਬ੍ਰਿਟੇਨ ਦੀ ਅਰਥਵਿਵਸਥਾ, ਨਵੀਨਤਾ, ਤਕਨੀਕੀ ਖੇਤਰ ਵਿਚ ਨਿਵੇਸ਼ ਜਾਰੀ ਰੱਖਣ ਅਤੇ ਕਾਰਜਬਲ ਹੁਨਰ ਵਿਕਸਤ ਕਰਨ ਨੂੰ ਲੈ ਕੇ ਟੀ. ਸੀ. ਐੱਸ. ਦੀ ਵਚਨਬੱਧਤਾ 'ਤੇ ਚਰਚਾ ਕੀਤੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਬ੍ਰਿਟੇਨ ਦੇ ਕੁਝ ਵੱਡੇ ਕਾਰਪੋਰੇਟ ਦੀ ਵਿਕਾਸ ਯਾਤਰਾ ਵਿਚ ਸਹਿਯੋਗੀ ਬਣ ਕੇ ਅਤੇ ਨਵੀਂ ਪਹਿਲ ਤੇ ਸੇਵਾਵਾਂ ਦੀ ਸ਼ੁਰੂਆਤ ਲਈ ਸਹਾਇਕ ਦੇ ਰੂਪ ਵਿਚ ਟੀ. ਸੀ. ਐੱਸ. ਬ੍ਰਿਟੇਨ ਦੀ ਅਰਥਵਿਵਸਥਾ ਨੂੰ ਗਲੋਬਲ ਪੱਧਰ 'ਤੇ ਮੁਕਾਬਲੇਬਾਜ਼ ਬਣਾਈ ਰੱਖਣ ਵਿਚ ਮਦਦਗਾਰ ਰਹੀ ਹੈ। ਬ੍ਰਿਟੇਨ ਵਿਚ ਟੀ. ਸੀ. ਐੱਸ. ਦੇ ਕਾਰਜਬਲ ਵਿਚ 54 ਦੇਸ਼ਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ 28 ਫ਼ੀਸਦੀ ਔਰਤਾਂ ਹਨ। ਵਿੱਤੀ ਸਾਲ 2020 ਦੇ ਅੰਤ ਵਿਚ ਬ੍ਰਿਟੇਨ ਦੇ ਬਾਜ਼ਾਰ ਤੋਂ ਕੰਪਨੀ ਦੀ ਆਮਦਨ 2.7 ਅਰਬ ਪੌਂਡ ਰਹੀ।