ਦੁਸਹਿਰਾ-ਦੀਵਾਲੀ ਤੋਂ ਲੈ ਕੇ ਵਿਆਹਾਂ ਤੱਕ 14 ਲੱਖ ਕਰੋੜ ਦਾ ਹੋਵੇਗਾ ਫੈਸਟਿਵ ਸੀਜ਼ਨ!

Tuesday, Oct 07, 2025 - 04:27 AM (IST)

ਦੁਸਹਿਰਾ-ਦੀਵਾਲੀ ਤੋਂ ਲੈ ਕੇ ਵਿਆਹਾਂ ਤੱਕ 14 ਲੱਖ ਕਰੋੜ ਦਾ ਹੋਵੇਗਾ ਫੈਸਟਿਵ ਸੀਜ਼ਨ!

ਨਵੀਂ  ਦਿੱਲੀ - ਇਸ ਵਾਰ ਫੈਸਟਿਵ ਸੀਜ਼ਨ ਖਰਚੇ ਅਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਸਕਦਾ ਹੈ। ਬੈਂਕ ਆਫ ਬੜੌਦਾ ਦੀ ਇਕ ਰਿਪੋਰਟ ਅਨੁਸਾਰ ਹਾਲ ਹੀ ’ਚ  ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਇਸ ਤਿਉਹਾਰੀ ਸੀਜ਼ਨ ਦੌਰਾਨ ਕੁੱਲ ਖਪਤਕਾਰ  ਖਰਚਾ 12 ਲੱਖ ਕਰੋੜ ਰੁਪਏ ਤੋਂ 14 ਲੱਖ ਕਰੋੜ ਰੁਪਏ  ਦੇ ਵਿਚਾਲੇ ਰਹਿਣ ਦੀ ਉਮੀਦ ਹੈ।  
ਇਸ  ਖਰਚੇ ਦਾ ਵੱਡਾ ਹਿੱਸਾ ਜਿਨ੍ਹਾਂ ਪ੍ਰਮੁੱਖ ਖੇਤਰਾਂ ’ਚ ਜਾਵੇਗਾ, ਉਨ੍ਹਾਂ ’ਚ ਕੱਪੜੇ, ਵਿਆਹ, ਇਲੈਕਟ੍ਰਾਨਿਕਸ ਅਤੇ ਆਟੋਮੋਬਾਇਲ ਸ਼ਾਮਲ ਹਨ। ਰੋਜ਼ਾਨਾ ਵਰਤੋਂ ਵਾਲੇ ਉਤਪਾਦ ਜਿਵੇਂ ਖਾਣ-ਪੀਣ ਦੀਆਂ ਵਸਤਾਂ ਅਤੇ ਦੂਜੇ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਨੂੰ ਇਸ ਅਧਿਐਨ ਤੋਂ ਬਾਹਰ ਰੱਖਿਆ ਗਿਆ ਹੈ।

ਵਿਆਹਾਂ ’ਤੇ ਹੋਵੇਗਾ ਸਭ ਤੋਂ ਵੱਧ ਖਰਚ
ਰਿਪੋਰਟ ’ਚ  ਕਿਹਾ ਗਿਆ ਹੈ ਕਿ ਖਪਤ ’ਚ 12 ਤੋਂ 14 ਲੱਖ ਕਰੋੜ ਰੁਪਏ  ਦੇ ਦਰਮਿਆਨ ਰਿਕਾਰਡ ਵਾਧਾ ਹੋਵੇਗਾ ਅਤੇ ਇਸ ਖਰਚੇ ਦਾ ਇਕ ਵੱਡਾ ਹਿੱਸਾ ਵਿਆਹ ਸਬੰਧੀ ਖਰਚਿਆਂ ਦਾ ਹੋਵੇਗਾ।  ਭਾਰਤ ’ਚ ਤਿਉਹਾਰਾਂ ਦਾ ਮੌਸਮ ਸ਼ੁੱਭ ਵਿਆਹ ਕਾਲ ਦੀ ਸ਼ੁਰੂਆਤ ਦਾ ਵੀ ਪ੍ਰਤੀਕ  ਹੈ, ਜੋ ਖਪਤ ਦਾ ਇਕ ਹੋਰ ਪ੍ਰਮੁੱਖ ਕਾਰਕ ਹੈ। 

ਅੰਦਾਜ਼ੇ ਦੱਸਦੇ ਹਨ ਕਿ ਭਾਰਤ ’ਚ  ਹਰ ਸਾਲ ਲੱਗਭਗ 1 ਕਰੋੜ ਵਿਆਹ ਹੁੰਦੇ ਹਨ, ਜਿਨ੍ਹਾਂ ’ਚੋਂ ਲੱਗਭਗ 60 ਫੀਸਦੀ ਅਕਤੂਬਰ ਅਤੇ ਦਸੰਬਰ ਦੇ ਵਿਚਾਲੇ ਹੁੰਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਅਤੇ  ਵੱਖ-ਵੱਖ ਕਮਾਈ ਸਮੂਹਾਂ  ਦੇ ਖਰਚਿਆਂ ਦੇ ਪੈਟਰਨ ਨੂੰ ਧਿਆਨ ’ਚ ਰੱਖਦੇ ਹੋਏ ਰਿਪੋਰਟ ਦਾ  ਅੰਦਾਜ਼ਾ ਹੈ ਕਿ ਇਕੱਲੇ ਵਿਆਹਾਂ ’ਚ 4.5 ਲੱਖ ਕਰੋੜ ਰੁਪਏ ਤੋਂ 5 ਲੱਖ ਕਰੋੜ ਰੁਪਏ  ਤੱਕ ਦਾ ਖਰਚਾ ਆਵੇਗਾ।

ਇਨ੍ਹਾਂ ਸੈਕਟਰਾਂ ’ਚ ਵੀ ਹੋਵੇਗਾ ਕਾਫ਼ੀ ਖਰਚ
ਰਿਪੋਰਟ ’ਚ ਅੱਗੇ  ਕਿਹਾ ਗਿਆ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਟੈਰਿਫ ਸਬੰਧੀ ਬੇਭਰੋਸਗੀਆਂ ਵਰਗੀਆਂ ਬਾਹਰੀ ਚੁਣੌਤੀਆਂ  ਦੇ ਬਾਵਜੂਦ  ਭਾਰਤ ਦਾ ਵਾਧਾ ਆਪਣੀ ਘਰੇਲੂ ਖਪਤ ਦੀ ਵਜ੍ਹਾ ਕਾਫ਼ੀ ਹੱਦ ਤੱਕ ਸੁਰੱਖਿਅਤ ਬਣੀ ਹੋਈ  ਹੈ। ਜੀ. ਐੱਸ. ਟੀ.  ਦਰ ਢਾਂਚੇ ’ਚ ਤਾਜ਼ਾ ਬਦਲਾਅ ਖਪਤ ਵਾਧੇ ਲਈ ਇਕ ਵੱਡਾ ਹਾਂ-ਪੱਖੀ ਪਹਿਲੂ ਸਾਬਤ ਹੋਇਆ ਹੈ। 

ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਦਾ ਇਕ ਵੱਡਾ ਹਿੱਸਾ ਵਿਆਹਾਂ ਨਾਲ ਜੁੜੇ ਖਰਚਿਆਂ ਤੋਂ ਆਵੇਗਾ, ਜਿਸ ਤੋਂ ਬਾਅਦ ਕੱਪੜਿਆਂ, ਆਟੋਮੋਬਾਇਲ ਅਤੇ ਇਲੈਕਟ੍ਰਾਨਿਕ ਸਾਮਾਨਾਂ ਦੀ ਮਜ਼ਬੂਤ ਮੰਗ ਰਹੇਗੀ। ਇਸ ਤੋਂ ਇਲਾਵਾ, ਐੱਫ.  ਐੱਮ. ਸੀ. ਜੀ.  ਅਤੇ ਕਿਊ. ਐੱਸ. ਆਰ.  ਵਰਗੇ ਖੇਤਰਾਂ ਨੂੰ ਨਿੱਜੀ ਖਪਤ ਦੇ  ਨਾਲ-ਨਾਲ ਤੋਹਫੇ-ਸਬੰਧੀ ਖਰੀਦਦਾਰੀ ’ਚ ਵਾਧੇ ਨਾਲ ਲਾਭ ਹੋਣ ਦੀ ਉਮੀਦ ਹੈ।
 


author

Inder Prajapati

Content Editor

Related News