IT ਸੈਕਟਰ ’ਚ ਮੰਦੀ ਦਰਮਿਆਨ ਬਾਜ਼ਾਰ ਨੂੰ ਰਾਹਤ ਦੇਣ ਵਾਲੀ ਖਬਰ, TCS ਦਾ ਕੰਸੋਲੀਡੇਟਿਡ ਲਾਭ 10,846 ਕਰੋੜ ਰੁਪਏ
Tuesday, Jan 10, 2023 - 10:55 AM (IST)
ਮੁੰਬਈ- ਦੁਨੀਆ ਭਰ ਦੇ ਆਈ. ਟੀ. ਸੈਕਟਰ ’ਚ ਚੱਲ ਰਹੀ ਮੰਦੀ ਦੇ ਦਰਮਿਆਨ ਭਾਰਤ ਦੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਵਿੱਤੀ ਸਾਲ 2023 ਦੀ ਤੀਜੀ ਤਿਮਾਹੀ ’ਚ 10,846 ਕਰੋੜ ਰੁਪਏ ਦਾ ਕੰਸੋਲੀਡੇਟਿਡ ਲਾਭ ਕਮਾਇਆ ਹੈ। ਕੰਪਨੀ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਨਤੀਜਿਆਂ ਅਨੁਸਾਰ, ਕੰਪਨੀ ਦੀ ਕੰਸੋਲੀਡੇਟਿਡ ਆਮਦਨ 57,475 ਕਰੋੜ ਰੁਪਏ ਦੇ ਅੰਦਾਜ਼ੇ ਨੂੰ ਪਛਾੜ ਕੇ 58,229 ਕਰੋੜ ਰੁਪਏ ਰਹੀ। ਹਾਲਾਂਕਿ ਕੰਪਨੀ ਦੇ ਲਾਭ ਦਾ ਅੰਦਾਜ਼ਾ 11,137 ਕਰੋੜ ਰੁਪਏ ਲਾਇਆ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਅਮਰੀਕਾ ’ਚ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ 2022 ਦੀ ਤੀਜੀ ਤਿਮਾਹੀ ਦੇ ਨਤੀਜਿਆਂ ’ਚ 4.4 ਅਰਬ ਡਾਲਰ ਦੀ ਆਮਦਨ ਵਿਖਾਈ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 52 ਫੀਸਦੀ ਘੱਟ ਰਹੀ ਹੈ। ਕੰਪਨੀ ਦਾ ਮਾਲੀਆ 4 ਫੀਸਦੀ ਘਟਿਆ ਸੀ ਅਤੇ ਔਸਤ ਮਾਲੀਆ ਪ੍ਰਤੀ ਯੂਜ਼ਰ ਵੀ 6 ਫੀਸਦੀ ਘਟਿਆ ਸੀ, ਜਦੋਂ ਕਿ ਗੂਗਲ ਵੱਲੋਂ ਐਲਾਨੇ ਗਏ ਤੀਜੀ ਤਿਮਾਹੀ ਦੇ ਨਤੀਜਿਆਂ ਅਨੁਸਾਰ ਕੰਪਨੀ ਦੀ ਆਮਦਨ 17.35 ਬਿਲੀਅਨ ਡਾਲਰ ਰਹੀ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 27 ਫੀਸਦੀ ਘੱਟ ਸੀ। ਦੁਨੀਆ ਭਰ ਦੀਆਂ ਆਈ. ਟੀ. ਕੰਪਨੀਆਂ ’ਚ ਚੱਲ ਰਹੀ ਮੰਦੀ ਵਿਚਾਲੇ ਟੀ. ਸੀ. ਐੱਸ. ਨਤੀਜੇ ਰਾਹਤ ਦੇਣ ਵਾਲੇ ਹਨ।
67 ਰੁਪਏ ਪ੍ਰਤੀ ਸ਼ੇਅਰ ਸਪੈਸ਼ਲ ਡਿਵੀਡੈਂਡ ਦਾ ਐਲਾਨ
ਟੀ. ਸੀ. ਐੱਸ. ਨੇ ਨਤੀਜੇ ਜਾਰੀ ਕਰਦੇ ਹੋਏ ਸ਼ੇਅਰਧਾਰਕਾਂ ਨੂੰ ਦੋਹਰਾ ਤੋਹਫਾ ਦਿੱਤਾ ਹੈ। ਕੰਪਨੀ ਨੇ ਆਪਣੇ ਸ਼ੇਅਰਧਾਰਕਾਂ ਲਈ 8 ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਡਿਵੀਡੈਂਡ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪ੍ਰਤੀ ਸ਼ੇਅਰ 67 ਰੁਪਏ ਦੇ ਸਪੈਸ਼ਲ ਡਿਵੀਡੈਂਡ ਦਾ ਵੀ ਐਲਾਨ ਕੀਤਾ ਹੈ। ਕੰਪਨੀ ਦੀ ਤੀਜੀ ਤਿਮਾਹੀ ’ਚ ਆਮਦਨ 707.5 ਕਰੋੜ ਡਾਲਰ ਰਹੀ, ਜਦੋਂ ਕਿ ਇਹ 699 ਕਰੋੜ ਡਾਲਰ ਰਹਿਣ ਦਾ ਅੰਦਾਜ਼ਾ ਸੀ। ਟੀ. ਸੀ. ਐੱਸ. ਦਾ 2023 ਦੀ ਤੀਜੀ ਤਿਮਾਹੀ ’ਚ ਕੰਸੋਲੀਡੇਟਿਡ ਐਬਿਟ 14,222 ਕਰੋੜ ਰੁਪਏ ਰਿਹਾ, ਜਦਕਿ ਇਸ ਦੇ 14,284 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਸੀ।
ਤਿਮਾਹੀ ਆਧਾਰ ’ਤੇ ਟੀ. ਸੀ. ਐੱਸ. ਦਾ ਸੀ. ਸੀ. ਮਾਲੀਆ ਵਾਧਾ 4 ਤੋਂ ਘਟ ਕੇ 2.2 ਪ੍ਰਤੀਸ਼ਤ ਰਿਹਾ। ਐਟ੍ਰੀਸ਼ਨ ਰੇਟ ਭਾਵ ਕਰਮਚਾਰੀਆਂ ਵੱਲੋਂ ਨੌਕਰੀ ਛੱਡਣ ਦੀ ਦਰ ਦੇ ਲਿਹਾਜ਼ ਨਾਲ ਤੀਜੀ ਤਿਮਾਹੀ ਟੀ. ਸੀ. ਐੱਸ. ਲਈ ਰਾਹਤ ਲੈ ਕੇ ਆਈ ਹੈ। ਤਿਮਾਹੀ ਆਧਾਰ ’ਤੇ ਵਿੱਤੀ ਸਾਲ 2023 ਦੀ ਤੀਜੀ ਤਿਮਾਹੀ ’ਚ ਕੰਪਨੀ ਦਾ ਐਟ੍ਰੀਸ਼ਨ ਰੇਟ ਘਟ ਕੇ 21.3 ਫੀਸਦੀ ਰਿਹਾ, ਜਦਕਿ ਵਿੱਤੀ ਸਾਲ 2023 ਦੀ ਦੂਜੀ ਤਿਮਾਹੀ ’ਚ ਇਹ 21.5 ਫੀਸਦੀ ਰਿਹਾ ਸੀ।
ਕਰਮਚਾਰੀਆਂ ਦੀ ਗਿਣਤੀ ਘਟੀ
ਟੀ. ਸੀ. ਐੱਸ. ਦੇ ਕੁੱਲ ਕਰਮਚਾਰੀਆਂ ਦੀ ਗਿਣਤੀ ’ਚ ਦਸੰਬਰ ਤਿਮਾਹੀ ’ਚ ਗਿਰਾਵਟ ਆਈ ਹੈ। ਪਿਛਲੀ ਤਿਮਾਹੀ ਦੇ ਮੁਕਾਬਲੇ ਦਸੰਬਰ ਤਿਮਾਹੀ ’ਚ ਕੰਪਨੀ ਦੇ 2,197 ਕਰਮਚਾਰੀ ਘੱਟ ਹੋਏ ਹਨ।ਟੀ. ਸੀ. ਐੱਸ. ਦੇ ਕਰਮਚਾਰੀਆਂ ਦੀ ਗਿਣਤੀ ’ਚ ਗਿਰਾਵਟ ਅਜਿਹੇ ਸਮੇਂ ’ਚ ਆਈ ਹੈ, ਜਦੋਂ ਆਈ. ਟੀ. ਸੈਕਟਰ ’ਚ ਮੰਗ ਨੂੰ ਲੈ ਕੇ ਦਬਾਅ ਵੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਟੀ. ਸੀ. ਐੱਸ. ਕਰਮਚਾਰੀਆਂ ਦੀ ਗਿਣਤੀ ’ਚ ਕਮੀ ਵਿੱਤੀ ਸਾਲ 2021 ਦੀ ਪਹਿਲੀ ਤਿਮਾਹੀ ’ਚ ਦਰਜ ਕੀਤੀ ਗਈ ਸੀ, ਜਦੋਂ ਭਾਰਤ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਕਾਰਨ ਪੂਰੀ ਤਰ੍ਹਾਂ ਲਾਕਡਾਊਨ ’ਚ ਸੀ। ਟੀ. ਸੀ. ਐੱਸ. ਨੇ ਦੱਸਿਆ ਕਿ ਕੰਪਨੀ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ ਇਸ ਸਮੇਂ 6,13,974 ਹੈ, ਜੋ ਇਸ ਤੋਂ ਪਿਛਲੀ ਤਿਮਾਹੀ ਦੇ ਅੰਤ ’ਚ 6,16,171 ਸੀ। ਪਿਛਲੀਆਂ 10 ਤਿਮਾਹੀਆਂ ’ਚ ਇਹ ਪਹਿਲਾ ਮੌਕਾ ਹੈ, ਜਦੋਂ ਟੀ. ਸੀ. ਐੱਸ. ਦੇ ਕਰਮਚਾਰੀਆਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਤੰਬਰ ਤਿਮਾਹੀ ’ਚ ਕੰਪਨੀ ਨੇ 9,840 ਕਰਮਚਾਰੀ ਜੋੜੇ ਸਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।