ਬੰਟੀ ਤੇ ਬਬਲੀ ਦਾ ਕਾਰਨਾਮਾ :  15 ਤੋਂ 20 ਕਰੋੜ ਦੀ ਕੀਤੀ GST ਚੋਰੀ, ਵਿਭਾਗ ਨੇ ਰਿਪੋਰਟ ਭੇਜੀ ਦਿੱਲੀ

Thursday, Aug 01, 2024 - 01:44 PM (IST)

ਬੰਟੀ ਤੇ ਬਬਲੀ ਦਾ ਕਾਰਨਾਮਾ :  15 ਤੋਂ 20 ਕਰੋੜ ਦੀ ਕੀਤੀ GST ਚੋਰੀ, ਵਿਭਾਗ ਨੇ ਰਿਪੋਰਟ ਭੇਜੀ ਦਿੱਲੀ

ਜਲੰਧਰ (ਜ. ਬ.) – ‘ਬੰਟੀ ਔਰ ਬਬਲੀ’ ਫਿਲਮ ਵਿਚ ਜਿਸ ਤਰ੍ਹਾਂ ਦੋਵੇਂ ਅਦਾਕਾਰ ਲੋਕਾਂ ਨਾਲ ਫਰਾਡ ਕਰਦੇ ਦਿਖਾਈ ਦਿੰਦੇ ਹਨ, ਉਸੇ ਤਰ੍ਹਾਂ ਸ਼ਹਿਰ ਦੇ ਮਕਸੂਦਾਂ ਏਰੀਏ ਵਿਚ ਬੰਟੀ ਅਤੇ ਬਬਲੀ ਕਾਫੀ ਚਰਚਾ ਵਿਚ ਆ ਚੁੱਕੇ ਹਨ। ਇਸ ਪਤੀ-ਪਤਨੀ ਦੀ ਜੋੜੀ ਨੇ ਫਰਜ਼ੀ ਬਿੱਲ ਕੱਟ ਕੇ 15 ਤੋਂ 20 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰ ਲਈ, ਜਿਸ ਦੀ ਭਿਣਕ ਜੀ. ਐੱਸ. ਟੀ. ਵਿਭਾਗ ਨੂੰ ਲੱਗੀ ਤਾਂ ਜਾਂਚ ਕਰਨ ’ਤੇ ਜਾਣਕਾਰੀ ਸਹੀ ਨਿਕਲੀ। ਰੇਰੂ ਸਥਿਤ ਇਨ੍ਹਾਂ ਦੀ ਫਰਮ ਦੇ ਨਾਲ-ਨਾਲ 3 ਤੋਂ 4 ਹੋਰ ਫਰਮਾਂ ਦੇ ਵੀ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੇ ਤਾਰ ਵੀ ਇਸ ਹੀ ਬੰਟੀ ਅਤੇ ਬਬਲੀ ਨਾਲ ਜੁੜੇ ਨਿਕਲੇ।

ਜੀ. ਐੱਸ. ਟੀ. ਵਿਭਾਗ ਨੇ ਇਸ ਸਾਰੇ ਮਾਮਲੇ ਦੀ ਰਿਪੋਰਟ ਬਣਾ ਕੇ ਦਿੱਲੀ ਭੇਜ ਦਿੱਤੀ ਹੈ, ਜਦਕਿ ਇਨ੍ਹਾਂ ਦਾ ਜੀ. ਐੱਸ. ਟੀ. ਨੰਬਰ ਵੀ ਸਸਪੈਂਡ ਕਰ ਿਦੱਤਾ ਹੈ, ਜੋ ਕਿਸੇ ਹੋਰ ਵਿਅਕਤੀ ਦੇ ਨਾਂ ਦਾ ਨਿਕਲਿਆ ਹੈ। ਅਸਲ ਵਿਚ ਇਹ ਬੰਟੀ ਅਤੇ ਬਬਲੀ ਫਰੀਦਾਬਾਦ ਨਾਲ ਸਬੰਧਤ ਹਨ, ਜਿਨ੍ਹਾਂ ਨੇ ਕਾਫੀ ਸਮਾਂ ਇਸੇ ਤਰ੍ਹਾਂ ਫਰੀਦਾਬਾਦ ਵਿਚ ਜੀ. ਐੱਸ. ਟੀ. ਦੀ ਚੋਰੀ ਕਰ ਕੇ ਵੱਡਾ ਮੁਨਾਫਾ ਕਮਾਇਆ, ਜਿਸ ਤੋਂ ਬਾਅਦ ਲੱਗਭਗ 2 ਸਾਲ ਪਹਿਲਾਂ ਉਹ ਜਲੰਧਰ ਆ ਕੇ ਰਹਿਣ ਲੱਗੇ।

ਇਨ੍ਹਾਂ ਦੋਵਾਂ ਨੇ ਸਕ੍ਰੈਪ ਆਦਿ ਦੇ ਫਰਜ਼ੀ ਿਬੱਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸੇ ਤਰ੍ਹਾਂ ਕਈ ਫਰਮਾਂ ਵੀ ਆਪਣੇ ਨਾਲ ਜੋੜ ਲਈਆਂ। ਇਹ ਦੋਵੇਂ ਪਤੀ-ਪਤਨੀ ਮਾਲ ਖਰੀਦਣ ਦਾ ਫਰਜ਼ੀ ਬਿੱਲ ਤਾਂ ਤਿਆਰ ਕਰ ਲੈਂਦੇ ਸਨ ਪਰ ਅਸਲ ਵਿਚ ਮਾਲ ਦੀ ਖਰੀਦਦਾਰੀ ਨਹੀਂ ਹੁੰਦੀ ਸੀ। ਇਸੇ ਤਰ੍ਹਾਂ ਹਾਲ ਹੀ ਵਿਚ ਉਕਤ ਪਤੀ-ਪਤਨੀ ਨੇ ਕਰੋੜਾਂ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰ ਕੇ ਵਿਭਾਗ ਨੂੰ ਚੂਨਾ ਲਗਾਇਆ।

ਜਿਵੇਂ ਹੀ ਵਿਭਾਗ ਦੀ ਨਜ਼ਰ ਇਨ੍ਹਾਂ ’ਤੇ ਪਈ ਤਾਂ ਉਨ੍ਹਾਂ ਨੇ ਇਨ੍ਹਾਂ ਦੀ ਫਰਮ ਦੀ ਜਾਂਚ ਸ਼ੁਰੂ ਕੀਤੀ। ਜਿਨ੍ਹਾਂ ਲੋਕਾਂ ਦੇ ਨਾਂ ’ਤੇ ਉਨ੍ਹਾਂ ਨੇ ਜੀ. ਐੱਸ. ਟੀ. ਨੰਬਰ ਲਿਆ ਹੋਇਆ ਸੀ, ਉਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਜੀ. ਐੱਸ. ਟੀ. ਨੰਬਰ ਦੀ ਵਰਤੋਂ ਮਕਸੂਦਾਂ ਏਰੀਏ ਦੇ ਪਤੀ-ਪਤਨੀ ਕਰ ਰਹੇ ਹਨ।

ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਲੋਕਾਂ ਨੇ ਹੋਰ ਲੋਕਾਂ ਦੇ ਨਾਂ ’ਤੇ ਵੀ ਜੀ. ਐੱਸ. ਟੀ. ਨੰਬਰ ਲਏ ਹੋਏ ਹਨ। ਹਾਲ ਹੀ ਵਿਚ ਇਸੇ ਕਾਲੀ ਕਮਾਈ ਨਾਲ ਬੰਟੀ ਤੇ ਬਬਲੀ ਨੇ ਇਕ ਕਾਲੇ ਰੰਗ ਦੀ ਲਗਜ਼ਰੀ ਕਾਰ ਵੀ ਖਰੀਦੀ ਹੈ। ਫਿਲਹਾਲ ਇਹ ਦੋਵੇਂ ਸ਼ਹਿਰ ਿਵਚ ਹੀ ਘੁੰਮ ਰਹੇ ਹਨ। ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਜੀ. ਐੱਸ. ਟੀ. ਨੰਬਰ ਸਸਪੈਂਡ ਕਰ ਕੇ ਰਿਪੋਰਟ ਅੱਗੇ ਭੇਜ ਦਿੱਤੀ ਹੈ।

ਸੂਤਰਾਂ ਅਨੁਸਾਰ ਜਲਦ ਹੀ ਇਨ੍ਹਾਂ ਲੋਕਾਂ ’ਤੇ ਐਕਸ਼ਨ ਲਿਆ ਜਾ ਸਕਦਾ ਹੈ। ਇਸ ਪਤੀ-ਪਤਨੀ ਦੇ ਨਾਲ ਇਕ ਮਹਿਲਾ ਅਕਾਊਂਟੈਂਟ ਵੀ ਕੰਮ ਕਰਦੀ ਸੀ, ਜਿਸ ਨੂੰ ਇਨ੍ਹਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਸਾਰੀ ਜਾਣਕਾਰੀ ਹੈ। ਵਿਭਾਗ ਜੇਕਰ ਉਸ ਮਹਿਲਾ ਅਕਾਊਂਟੈਂਟ ਤੋਂ ਜਾਣਕਾਰੀ ਹਾਸਲ ਕਰੇ ਤਾਂ ਬੰਟੀ ਅਤੇ ਬਬਲੀ ਵੱਲੋਂ ਕੀਤੀ ਗਈ ਜੀ. ਐੱਸ. ਟੀ. ਚੋਰੀ ਦੀ ਰਕਮ 50 ਕਰੋੜ ਤੋਂ ਵੀ ਪਾਰ ਹੋ ਸਕਦੀ ਹੈ।

 


author

Harinder Kaur

Content Editor

Related News