ਸਟਾਕ ਨਿਵੇਸ਼ਕਾਂ ਲਈ ਵੱਡੀ ਖ਼ਬਰ, IT ਵਿਭਾਗ ਹੁਣ ਹਰ ਸੌਦੇ 'ਤੇ ਰੱਖੇਗਾ ਨਜ਼ਰ
Wednesday, Sep 08, 2021 - 09:24 AM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨਵੇਂ ਈ-ਫਾਈਲਿੰਗ ਪੋਰਟਲ ਨੂੰ ਜਲਦ ਹੀ ਸਟਾਕ ਐਕਸਚੇਂਜਾਂ ਨਾਲ ਲਿੰਕ ਕਰਨ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਟੈਕਸ ਅਧਿਕਾਰੀਆਂ ਨੂੰ ਹਰੇਕ ਪੈਨ ਦੇ 'ਵਾਇਦਾ ਤੇ ਓਪਸ਼ਨ' ਸਣੇ ਸਾਰੇ ਤਰ੍ਹਾਂ ਦੇ ਸੌਦਿਆਂ 'ਤੇ ਨਜ਼ਰ ਰੱਖਣ ਵਿਚ ਮਦਦ ਮਿਲੇਗੀ। ਈ-ਫਾਈਲਿੰਗ ਪੋਰਟਲ ਦੀ ਸਟਾਕ ਐਕਸਚੇਂਜਾਂ ਨਾਲ ਲਿਕਿੰਗ ਦੀ ਮਦਦ ਨਾਲ ਟੈਕਸਦਾਤਾ ਵੱਲੋਂ ਦਿੱਤੀ ਗਈ ਜਾਣਕਾਰੀ ਅਤੇ ਸਟਾਕ ਐਕਸਚੇਂਜ ਤੋਂ ਮਿਲੀ ਜਾਣਕਾਰੀ ਦਾ ਮਿਲਾਣ ਕੀਤਾ ਜਾ ਸਕੇਗਾ ਅਤੇ ਦੇਖਿਆ ਜਾਵੇਗਾ ਕਿ ਉਸ ਵਿਚ ਕੋਈ ਬੇਮੇਲ ਤਾਂ ਨਹੀਂ ਹੈ।
ਵਿਭਾਗ ਨੂੰ ਇਸ ਦੀ ਮਦਦ ਨਾਲ ਕਿਸੇ ਗੜਬੜੀ ਦਾ ਪਤਾ ਲਾਉਣ ਅਤੇ ਇਨਕਮ ਟੈਕਸ ਰਿਟਰਨ ਦਾਖ਼ਲ ਨਾ ਹੋਣ 'ਤੇ ਚਿਤਾਵਨੀ ਜਾਰੀ ਕਰਨ ਵਿਚ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ- USA 'ਚ ਲੱਖਾਂ ਲੋਕਾਂ ਨੂੰ ਵੱਡਾ ਝਟਕਾ, ਬੇਰੁਜ਼ਗਾਰੀ ਭੱਤਾ ਮਿਲਣਾ ਹੋਇਆ ਬੰਦ
ਇਨਕਮ ਟੈਕਸ ਵਿਭਾਗ ਮੌਜੂਦਾ ਵਿੱਤੀ ਸਾਲ ਵਿਚ ਇਸ ਕੰਮ ਨੂੰ ਪੂਰਾ ਕਰਨ ਦੇ ਟੀਚੇ ਨਾਲ ਕੰਮ ਕਰ ਰਿਹਾ ਹੈ। ਇਹ ਕਦਮ ਉਸ ਵੇਲੇ ਚੁੱਕਿਆ ਜਾ ਰਿਹਾ ਹੈ ਜਦੋਂ ਸ਼ੇਅਰ ਬਾਜ਼ਾਰ ਵਿਚ ਪ੍ਰਚੂਨ ਨਿਵੇਸ਼ਕਾਂ ਦੀ ਹਿੱਸੇਦਾਰੀ ਵੱਧ ਰਹੀ ਹੈ। ਨੈਸ਼ਨਲ ਸਟਾਕ ਐਕਸਚੇਂਜ ਦੀ ਨਕਦ ਸ਼੍ਰੇਣੀ ਵਿਚ ਪ੍ਰਚੂਨ ਨਿਵੇਸ਼ਕਾਂ ਦੀ ਹਿੱਸੇਦਾਰੀ ਵਿੱਤੀ ਸਾਲ 2020 ਦੇ 39 ਫ਼ੀਸਦੀ ਤੋਂ ਵੱਧ ਕੇ ਵਿੱਤੀ ਸਾਲ 2021 ਵਿਚ 45 ਫ਼ੀਸਦੀ 'ਤੇ ਪੁੱਜ ਗਈ ਹੈ।
PAN ਨਾਲ ਸਕਿੰਟਾ 'ਚ ਸਾਹਮਣੇ ਆਵੇਗੀ ਜਾਣਕਾਰੀ
ਇਸ ਸਿਸਟਮ ਨਾਲ ਈ-ਫਾਈਲਿੰਗ ਪੋਰਟਲ ਆਪਣੇ-ਆਪ ਪੈਨ ਦੇ ਆਧਾਰ 'ਤੇ ਐਕਸਚੇਂਜ 'ਤੇ ਕਾਰੋਬਾਰ ਅਤੇ ਸਬੰਧਤ ਰਿਟਰਨ ਦੇ ਅੰਕੜਿਆਂ ਦੀ ਤੁਲਨਾ ਕਰ ਸਕੇਗਾ। ਇਸ ਆਧਾਰ 'ਤੇ ਜੇਕਰ ਕਿਸੇ ਸਬੰਧਤ ਮਾਮਲੇ ਵਿਚ ਜਾਂਚ ਦੀ ਲੋੜ ਹੋਈ ਤਾਂ ਉਹ ਜਲਦ ਹੋ ਸਕੇਗੀ। ਸ਼ੇਅਰ ਟਰਾਂਸਫਰ ਕਰਨ ਵਾਲੇ ਏਜੰਟ, ਵਿਚੋਲੇ ਆਦਿ ਲਈ ਪੋਰਟਲ ਨੂੰ ਡਿਪਾਜ਼ਿਟਰੀ, ਕਲੀਅਰਿੰਗ ਕਾਰਪੋਰੇਸ਼ਨ ਅਤੇ ਰਜਿਸਟਰਾਰ ਦੇ ਡਾਟਾਬੇਸ ਨਾਲ ਵੀ ਲਿੰਕ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪਹਿਲਾਂ ਟੈਕਸ ਅਧਿਕਾਰੀ ਚੋਣਵੇਂ ਮਾਮਲਿਆਂ ਵਿਚ ਸੇਬੀ ਤੋਂ ਜਾਣਕਾਰੀ ਮੰਗਦੇ ਸਨ। ਨਿੱਜੀ ਮਾਮਲਿਆਂ ਵਿਚ ਸਿਰਫ ਸ਼ੱਕੀ ਲੈਣ-ਦੇਣ ਦੀ ਹੀ ਜਾਂਚ ਕੀਤੀ ਜਾਂਦੀ ਸੀ ਪਰ ਹੁਣ ਜਲਦ ਹੀ ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ ਦੀ ਪਹੁੰਚ ਬਾਜ਼ਾਰ ਦੀਆਂ ਸਾਰੀਆਂ ਇਕਾਈਆਂ ਦੇ ਡਾਟਾ ਤੱਕ ਹੋਵੇਗੀ।
ਇਹ ਵੀ ਪੜ੍ਹੋ- ਡਾ. ਰੈੱਡੀਜ਼ ਵੱਲੋਂ ਸਪੂਤਨਿਕ-ਵੀ ਦੀ ਸਪਲਾਈ ਸ਼ੁਰੂ, ਜਾਣੋ ਕਿੱਥੋਂ ਲੱਗੇਗਾ ਟੀਕਾ