ਬਜਟ 2021 : ਸਰਕਾਰ ਕੋਰੋਨਾ ਦੇ ਇਲਾਜ ''ਤੇ ਦੇ ਸਕਦੀ ਹੈ ਟੈਕਸ ਛੋਟ
Monday, Jan 11, 2021 - 06:08 PM (IST)

ਨਵੀਂ ਦਿੱਲੀ- ਸਰਕਾਰ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਵੱਡਾ ਫ਼ੈਸਲਾ ਕਰ ਸਕਦੀ ਹੈ। ਕੋਰੋਨਾ ਦੇ ਇਲਾਜ ਵਿਚ ਖ਼ਰਚ ਦੇ ਆਧਾਰ 'ਤੇ ਇਨਕਮ ਟੈਕਸ ਵਿਚ ਰਾਹਤ ਮਿਲ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਜਟ ਵਿਚ ਅਜਿਹੇ ਟੈਕਸਦਾਤਾਵਾਂ ਲਈ ਛੋਟ ਦਾ ਐਲਾਨ ਹੋ ਸਕਦਾ ਹੈ, ਜਿਨ੍ਹਾਂ ਕੋਲ ਕੋਈ ਹੈਲਥ ਜਾਂ ਮੈਡੀਕਲ ਬੀਮਾ ਨਹੀਂ ਹੈ।
ਕੋਰੋਨਾ ਦੇ ਇਲਾਜ ਦੇ ਖ਼ਰਚ 'ਤੇ ਛੋਟ ਲਈ ਬਜਟ ਵਿਚ 80 ਡੀਡੀਬੀ ਤਹਿਤ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਵਿਸ਼ੇਸ਼ ਬੀਮਾਰੀ ਵਿਚ ਸ਼ਾਮਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਛੋਟ ਸਿਰਫ ਉਨ੍ਹਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਕੋਈ ਹੈਲਥ ਪਾਲਿਸੀ ਨਹੀਂ ਹੈ। ਕੋਰੋਨਾ ਟੈਕਸ ਛੋਟ ਮੌਜੂਦਾ ਵਿੱਤੀ ਸਾਲ ਵਿਚ ਹੀ ਸੰਭਵ ਹੈ। ਇਲਾਜ 'ਤੇ ਵੱਧ ਤੋਂ ਵੱਧ 1 ਲੱਖ ਖ਼ਰਚ 'ਤੇ ਇਨਕਮ ਟੈਕਸ ਵਿਚ ਛੋਟ ਮਿਲ ਸਕਦੀ ਹੈ। ਸੂਤਰਾਂ ਮੁਤਾਬਕ, ਇਸ ਛੋਟ ਦਾ ਫਾਇਦਾ ਆਪਣੇ ਅਤੇ ਪਤੀ ਜਾਂ ਪਤਨੀ ਦੋਹਾਂ ਲਈ ਹੋ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਟੀਕਾਕਰਨ 16 ਤਾਰੀਖ਼ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਸਰਕਾਰ 1 ਫਰਵਰੀ ਨੂੰ ਬਜਟ ਪੇਸ਼ ਕਰਨ ਵਾਲੀ ਹੈ।