21 ਸਾਲਾਂ ਬਾਅਦ ਰੁਕਿਆ ਟਾਟਾ ਸਫਾਰੀ ਸਟਾਰਮ ਦਾ ਸਫਰ, ਕੰਪਨੀ ਨੇ ਬੰਦ ਕੀਤਾ ਪ੍ਰੋਡਕਸ਼ਨ!

11/29/2019 8:48:08 AM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਦੀ ਮਸ਼ਹੂਰ ਐੱਸ. ਯੂ. ਵੀ. ਸਫਾਰੀ ਸਟਾਰਮ ਦਾ ਸਫਰ ਦੇਸ਼ ਦੀਆਂ ਸੜਕ ’ਤੇ ਆਖ਼ਿਰਕਾਰ ਰੁਕ ਹੀ ਗਿਆ। ਲਗਭਗ 21 ਸਾਲਾਂ ਤੱਕ ਘਰੇਲੂ ਬਾਜ਼ਾਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਕੰਪਨੀ ਨੇ ਇਸ ਐੱਸ. ਯੂ. ਵੀ. ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰਕ ਤੌਰ ’ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਟੀਮ-ਬੀ. ਐੱਚ. ਪੀ. ’ਚ ਛਪੀ ਰਿਪੋਰਟ ਅਨੁਸਾਰ ਕੰਪਨੀ ਨੇ ਸਫਾਰੀ ਸਟਾਰਮ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਕੰਪਨੀ ਨੇ ਸਾਲ 1998 ’ਚ ਪਹਿਲੀ ਵਾਰ ਸਫਾਰੀ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਸੀ, ਉਦੋਂ ਤੋਂ ਇਸ ਐੱਸ. ਯੂ. ਵੀ. ਨੂੰ ਕਈ ਵਾਰ ਅਪਡੇਟ ਕੀਤਾ ਗਿਆ। ਸੰਨ 2006 ’ਚ ਕੰਪਨੀ ਨੇ ਸਫਾਰੀ ਡੈਕੋਰ ਨੂੰ ਬਿਲਕੁੱਲ ਨਵੇਂ ਅਵਤਾਰ ’ਚ ਪੇਸ਼ ਕੀਤਾ, ਇਸ ਤੋਂ ਬਾਅਦ ਲਗਭਗ 6 ਸਾਲਾਂ ਬਾਅਦ 2012 ’ਚ ਕੰਪਨੀ ਨੇ ਸਫਾਰੀ ਸਟਾਰਮ ਨੂੰ ਬਾਜ਼ਾਰ ’ਚ ਉਤਾਰਿਆ ਜੋ ਹੁਣ ਤੱਕ ਵਿਕਰੀ ਲਈ ਮੌਜੂਦ ਸੀ।

ਕੀ ਹੈ ਵਜ੍ਹਾ

ਭਾਵੇਂ ਕੰਪਨੀ ਵੱਲੋਂ ਇਸ ਐੱਸ. ਯੂ. ਵੀ. ਨੂੰ ਡਿਸਕੰਟੀਨਿਊ ਕਰਨ ਬਾਰੇ ਅਧਿਕਾਰਕ ਤੌਰ ’ਤੇ ਕੋਈ ਐਲਾਨ ਨਾ ਹੋਇਆ ਹੋਵੇ ਪਰ ਜੇਕਰ ਇਸ ਦੀ ਵਿਕਰੀ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਇਹ ਪੂਰੀ ਕਹਾਣੀ ਬਿਆਨ ਕਰਦੇ ਹਨ। ਬੀਤੇ ਅਕਤੂਬਰ ਮਹੀਨੇ ’ਚ ਸਫਾਰੀ ਸਟਾਰਮ ਦੀ ਵਿਕਰੀ ’ਚ 74.30 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਤੇ ਮਹੀਨੇ ਕੰਪਨੀ ਨੇ ਸਿਰਫ਼ 165 ਯੂਨਿਟਸ ਦੀ ਹੀ ਵਿਕਰੀ ਕੀਤੀ ਹੈ। ਫਿਲਹਾਲ ਕੰਪਨੀ ਦੇ ਡੀਲਰਸ਼ਿਪ ਆਪਣੇ ਮੌਜੂਦਾ ਸਟਾਕ ਨੂੰ ਤੇਜ਼ੀ ਨਾਲ ਕਲੀਅਰ ਕਰਨ ’ਚ ਲੱਗੇ ਹੋਏ ਹਨ ਕਿਉਂਕਿ ਕੰਪਨੀ ਨੇ ਅਧਿਕਾਰਕ ਤੌਰ ’ਤੇ ਆਪਣੀ ਨਵੀਂ ਟਾਟਾ ਗਰੈਵਿਟਾਜ਼ ਦੇ ਲਾਂਚ ਦਾ ਐਲਾਨ ਕਰ ਦਿੱਤਾ ਹੈ।


Related News