ਟਾਟਾ ਮੋਟਰਜ਼, ਕੀਆ ਇੰਡੀਆ ਦੇ ਵਾਹਨ ਨਵੇਂ ਸਾਲ ਤੋਂ ਹੋਣਗੇ ਮਹਿੰਗੇ
Tuesday, Dec 10, 2024 - 05:09 AM (IST)
ਨਵੀਂ ਦਿੱਲੀ - ਟਾਟਾ ਮੋਟਰਜ਼ ਅਤੇ ਕੀਆ ਇੰਡੀਆ ਨੇ ਵਧਦੀ ਲਾਗਤ ਦੀ ਅੰਸ਼ਿਕ ਪੂਰਤੀ ਲਈ ਨਵੇਂ ਸਾਲ ਭਾਵ ਜਨਵਰੀ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ। ਘਰੇਲੂ ਵਾਹਨ ਵਿਨਿਰਮਾਤਾ ਟਾਟਾ ਮੋਟਰਜ਼ ਨੇ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ’ਚ 3 ਫ਼ੀਸਦੀ ਤੱਕ ਦਾ ਵਾਧਾ ਕਰੇਗੀ। ਕੱਚੇ ਮਾਲ ਦੀ ਲਾਗਤ ਅਤੇ ਮਹਿੰਗਾਈ ’ਚ ਵਾਧੇ ਦੇ ਪ੍ਰਭਾਵ ਨੂੰ ਅੰਸ਼ਿਕ ਤੌਰ ’ਤੇ ਘੱਟ ਕਰਨ ਲਈ ਉਹ ਵਾਹਨ ਕੀਮਤਾਂ ’ਚ ਵਾਧਾ ਕਰ ਰਹੀ ਹੈ। ਬਿਆਨ ਮੁਤਾਬਕ, ਜਨਵਰੀ, 2025 ਤੋਂ ਲਾਗੂ ਹੋਣ ਵਾਲਾ ਇਹ ਮੁੱਲ ਵਾਧਾ ਮਾਡਲ ਅਤੇ ਉਨ੍ਹਾਂ ਦੇ ਐਡੀਸ਼ਨਾਂ ਦੇ ਆਧਾਰ ’ਤੇ ਵੱਖ-ਵੱਖ ਹੋਵੇਗਾ।
ਦੂਜੇ ਪਾਸੇ ਕੀਆ ਇੰਡੀਆ ਨੇ ਕਿਹਾ ਕਿ 1 ਜਨਵਰੀ 2025 ਤੋਂ ਲਾਗੂ ਮੁੱਲ ਵਾਧਾ ਮੁੱਖ ਤੌਰ ’ਤੇ ਵਸਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਲੜੀ ਨਾਲ ਸਬੰਧਤ ਲਾਗਤ ’ਚ ਵਾਧੇ ਕਾਰਨ ਕੀਤਾ ਜਾ ਰਿਹਾ ਹੈ। ਕੀਆ ਇੰਡੀਆ ਦੇ ਸੀਨੀਅਰ ਉਪ-ਪ੍ਰਧਾਨ (ਵਿਕਰੀ ਅਤੇ ਮਾਰਕੀਟਿੰਗ) ਹਰਦੀਪ ਸਿੰਘ ਬਰਾੜ ਨੇ ਕਿਹਾ ਕਿ ਕੰਪਨੀ ਗਾਹਕਾਂ ਨੂੰ ਉੱਚ ਗੁਣਵੱਤਾ ਵਾਲੀ ਤਕਨੀਕੀ ਨਾਲ ਲੈਸ ਉੱਨਤ ਵਾਹਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਹਾਲਾਂਕਿ ਵਸਤਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਉਲਟ ਵਟਾਂਦਰਾ ਦਰਾਂ ਅਤੇ ਕੱਚੇ ਮਾਲ ਦੀ ਲਾਗਤ ’ਚ ਵਾਧੇ ਨਾਲ ਜ਼ਰੂਰੀ ਮੁੱਲ ਵਿਵਸਥਾ ਲਾਜ਼ਮੀ ਹੋ ਗਈ ਹੈ।