ਟਾਟਾ ਡਿਜੀਟਲ ਹੈਲਥਕੇਅਰ ਸਟਾਰਟਅਪ 1Mg 'ਚ ਖ਼ਰੀਦੇਗੀ ਹਿੱਸੇਦਾਰੀ
Thursday, Jun 10, 2021 - 12:56 PM (IST)
ਨਵੀਂ ਦਿੱਲੀ- ਟਾਟਾ ਸੰਨਜ਼ ਦੀ ਕੰਪਨੀ ਟਾਟਾ ਡਿਜੀਟਲ ਲਿਮਟਿਡ ਦਿੱਗਜ ਆਨਲਾਈਨ ਹੈਲਥਕੇਅਰ ਸਟਾਰਟਅਪ 1 ਐੱਮ. ਜੀ. ਤਕਨਾਲੋਜੀ ਲਿਮਟਿਡ ਵਿਚ ਬਹੁਗਿਣਤੀ ਹਿੱਸੇਦਾਰੀ ਖ਼ਰੀਦਣ ਜਾ ਰਹੀ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ
ਹਾਲਾਂਕਿ, ਕੰਪਨੀ ਨੇ ਸੌਦੇ ਦੇ ਵਿੱਤੀ ਵੇਰਵਿਆਂ ਦਾ ਖ਼ੁਲਾਸਾ ਨਹੀਂ ਕੀਤਾ। ਟਾਟਾ ਡਿਜੀਟਲ ਨੇ ਕੁਝ ਦਿਨ ਪਹਿਲਾਂ ਹੀ ਕਿਓਰਫਿਟ ਹੈਲਥਕੇਅਰ ਵਿਚ ਲਗਭਗ 550 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ।
ਕੰਪਨੀ ਨੇ ਕਿਹਾ ਕਿ 1 ਐੱਮ. ਜੀ. ਵਿਚ ਉਸ ਦਾ ਨਿਵੇਸ਼ ਡਿਜੀਟਲ ਈਕੋਸਿਸਟਮ ਤੰਤਰ ਬਣਾਉਣ ਦੇ ਟਾਟਾ ਸਮੂਹ ਦੇ ਭਵਿੱਖੀ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਟਾਟਾ ਡਿਜੀਟਲ ਨੇ ਕਿਹਾ ਕਿ ਈ-ਫਾਰਮੇਸੀ, ਈ-ਡਾਇਗਨੌਸਟਿਕਸ ਅਤੇ ਟੈਲੀ-ਸਲਾਹ ਮਸ਼ਵਰਾ ਇਸ ਪ੍ਰਣਾਲੀ ਦੇ ਮਹੱਤਵਪੂਰਣ ਹਿੱਸੇ ਹਨ, ਜੋ ਕਿ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸੈਕਟਰਾਂ ਵਿਚੋਂ ਇੱਕ ਹਨ।
ਟਾਟਾ ਡਿਜੀਟਲ ਦੇ ਸੀ. ਈ. ਓ. ਪ੍ਰਤੀਕ ਪਾਲ ਨੇ ਇਕ ਬਿਆਨ ਵਿਚ ਕਿਹਾ, “1 ਐੱਮ. ਜੀ. ਵਿਚ ਨਿਵੇਸ਼ ਨਾਲ ਈ-ਫਾਰਮੇਸੀ ਅਤੇ ਈ-ਡਾਇਗਨੌਸਟਿਕਸ ਸਪੇਸ ਵਿਚ ਬਿਹਤਰ ਗਾਹਕ ਤਜ਼ੁਰਬਾ ਅਤੇ ਉੱਚ ਗੁਣਵੱਤਾ ਵਾਲੇ ਸਿਹਤ ਸੰਭਾਲ ਉਤਪਾਦ ਅਤੇ ਸੇਵਾਵਾਂ ਮੁਹੱਈਆ ਕਰਾਉਣ ਵਿਚ ਟਾਟਾ ਦੀ ਸਮਰੱਥਾ ਨੂੰ ਮਜਬੂਤੀ ਮਿਲੇਗੀ। 1 ਐੱਮ. ਜੀ. ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਪ੍ਰਸ਼ਾਂਤ ਟੰਡਨ ਨੇ ਕਿਹਾ ਕਿ ਟਾਟਾ ਦਾ ਨਿਵੇਸ਼ ਕੰਪਨੀ ਦੀ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਗੌਰਤਲਬ ਹੈ ਕਿ 1 ਐੱਮ. ਜੀ. ਓਵਰ ਦਿ ਕਾਊਂਟਰ (ਓ. ਟੀ. ਸੀ.) ਦਵਾਈਆਂ ਦੀ ਵਿਸ਼ਾਲ ਸ਼੍ਰੇਣੀ ਨਾਲ ਆਨਲਾਈਨ ਫਾਰਮੇਸੀ ਹੈ।