ਅੱਜ ਤੋਂ ਮਹਿੰਗੀਆਂ ਹੋਈਆਂ ਟਾਟਾ ਤੋਂ ਲੈ ਕੇ BMW ਦੀਆਂ ਕਾਰਾਂ

Sunday, Apr 01, 2018 - 08:12 AM (IST)

ਅੱਜ ਤੋਂ ਮਹਿੰਗੀਆਂ ਹੋਈਆਂ ਟਾਟਾ ਤੋਂ ਲੈ ਕੇ BMW ਦੀਆਂ ਕਾਰਾਂ

ਨਵੀਂ ਦਿੱਲੀ— ਟਾਟਾ ਮੋਟਰਸ, ਨਿਸਾਨ, ਡੈਟਸਨ, ਬੀ. ਐੱਮ. ਡਬਲਿਊ. ਅਤੇ ਆਡੀ ਦੇ ਵਾਹਨਾਂ ਦੀਆਂ ਕੀਮਤਾਂ 'ਚ ਅੱਜ ਤੋਂ ਵਾਧਾ ਹੋ ਗਿਆ ਹੈ। ਬਜਟ 'ਚ ਕਸਟਮ ਡਿਊਟੀ ਵਧਣ ਅਤੇ ਨਿਰਮਾਣ ਖਰਚ 'ਚ ਵਾਧਾ ਹੋਣ ਕਾਰਨ ਕਾਰ ਨਿਰਮਾਤਾਵਾਂ ਨੇ 1 ਅਪ੍ਰੈਲ 2018 ਤੋਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਸੀ। ਸਰਕਾਰ ਨੇ ਬਜਟ 2018 'ਚ ਕੰਪਲੀਟਲੀ ਨਾਕ ਡਾਊਨ (ਸੀ. ਕੇ. ਡੀ.) ਅਤੇ ਕੰਪਲੀਟਲੀ ਬਿਲਡ ਯੂਨਿਟ (ਸੀ. ਬੀ. ਯੂ.) ਦੀ ਇੰਪੋਰਟ ਡਿਊਟੀ ਨੂੰ 5 ਫੀਸਦੀ ਵਧਾਇਆ ਹੈ। ਕੰਪਲੀਟਲੀ ਨਾਕ ਡਾਊਨ (ਸੀ. ਕੇ. ਡੀ.) 'ਤੇ ਲੱਗਣ ਵਾਲੀ ਕਸਟਮ ਡਿਊਟੀ 10 ਤੋਂ 15 ਫ਼ੀਸਦੀ ਕੀਤੀ ਗਈ ਹੈ। ਉੱਥੇ ਹੀ ਮੋਟਰ ਵ੍ਹੀਕਲਸ ਦੇ ਕੰਪਲੀਟਲੀ ਬਿਲਡ ਯੂਨਿਟ (ਸੀ. ਬੀ. ਯੂ.) ਦੀ ਇੰਪੋਰਟ ਡਿਊਟੀ 20 ਤੋਂ ਵਧਾ ਕੇ 25 ਫ਼ੀਸਦੀ ਕੀਤੀ ਗਈ ਹੈ। 

ਕਿਸ ਕੰਪਨੀ ਨੇ ਵਧਾਈ ਕਿੰਨੀ ਕੀਮਤ?
— ਟਾਟਾ ਮੋਟਰਸ ਲਿਮਟਿਡ ਨੇ ਆਪਣੇ ਯਾਤਰੀ ਵਾਹਨਾਂ ਦੀਆਂ ਐਕਸ-ਸ਼ੋਅਰੂਮ ਕੀਮਤਾਂ ਨੂੰ 60 ਹਜ਼ਾਰ ਰੁਪਏ ਤੱਕ ਵਧਾ ਦਿੱਤਾ ਹੈ।   
—ਨਿਸਾਨ ਇੰਡੀਆ ਦੇ ਨਿਸਾਨ ਅਤੇ ਡੈਟਸਨ ਦੋਵਾਂ ਮਾਡਲਾਂ ਦੇ ਮੁੱਲ 2 ਫ਼ੀਸਦੀ ਤੱਕ ਵਧ ਜਾਣਗੇ। ਨਿਸਾਨ ਵੱਲੋਂ ਭਾਰਤ 'ਚ ਮਾਈਕ੍ਰਾ, ਸੰਨੀ ਅਤੇ ਰੇਨੋ ਵੇਚੀਆਂ ਜਾਂਦੀਆਂ ਹਨ, ਜਦੋਂ ਕਿ ਡੈਟਸਨ ਵੱਲੋਂ ਗੋ, ਗੋ ਪਲੱਸ ਅਤੇ ਰੈਡੀ ਗੋ ਵੇਚੀਆਂ ਜਾ ਰਹੀਆਂ ਹਨ।  
—ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਆਡੀ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਸ ਦੇ ਵਾਹਨਾਂ ਦੇ ਮੁੱਲ 1 ਅਪ੍ਰੈਲ ਤੋਂ 9 ਲੱਖ ਰੁਪਏ ਤੱਕ ਵਧ ਜਾਣਗੇ। ਆਡੀ ਇੰਡੀਆ ਨੇ ਕਿਹਾ ਹੈ ਕਿ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ 4 ਫ਼ੀਸਦੀ ਤੱਕ ਦਾ ਵਾਧਾ ਕੀਤਾ ਜਾਵੇਗਾ।  
—ਬੀ. ਐੱਮ. ਡਬਲਿਊ. ਇੰਡੀਆ ਨੇ ਕੀਮਤਾਂ 'ਚ 3 ਫ਼ੀਸਦੀ ਤੋਂ 5.5 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ।


Related News