ਮੇਹੁਲ ਚੌਕਸੀ ਦੀ ਸਪੁਰਦਗੀ ਲਈ ਐਂਟੀਗੁਆ ਦੇ ਵਿਦੇਸ਼ ਮੰਤਰੀ ਨਾਲ ਸੁਸ਼ਮਾ ਸਵਰਾਜ ਨੇ ਕੀਤੀ ਮੁਲਾਕਾਤ

Thursday, Sep 27, 2018 - 04:15 PM (IST)

ਮੇਹੁਲ ਚੌਕਸੀ ਦੀ ਸਪੁਰਦਗੀ ਲਈ ਐਂਟੀਗੁਆ ਦੇ ਵਿਦੇਸ਼ ਮੰਤਰੀ ਨਾਲ ਸੁਸ਼ਮਾ ਸਵਰਾਜ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨੂੰ ਅਰਬਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ 'ਤੇ ਸ਼ਿਕੰਜਾ ਕੱਸਣ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਅਮਰੀਕਾ ਵਿਚ ਚੱਲ ਰਹੀ ਸੰਯੁਕਤ ਰਾਸ਼ਟਰ ਆਮ ਸਭਾ 'ਚ ਹਿੱਸਾ ਲੈਣ ਪਹੁੰਚੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਂਟੀਗੁਆ ਦੇ ਵਿਦੇਸ਼ ਮੰਤਰੀ ਈਪੀ ਚੇਟ ਗ੍ਰੀਨ ਨਾਲ ਮੁਲਾਕਾਤ ਕੀਤੀ। ਸਵਰਾਜ ਨੇ ਉਨ੍ਹਾਂ ਕੋਲੋਂ ਮੇਹੁਲ ਚੌਕਸੀ ਦੀ ਸਪੁਰਦਗੀ ਲਈ ਮਦਦ ਮੰਗੀ ਹੈ। 

ਚੇਟ ਗ੍ਰੀਨ ਨੇ ਸੁਸ਼ਮਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਵਿਚ ਹਰ ਬਣਦੀ ਸਹਾਇਤਾ ਕਰਨਗੇ। ਕੁਝ ਸਮਾਂ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਮੇਹੁਲ ਚੌਕਸੀ ਨੂੰ ਐਂਟੀਗੁਆ ਦੀ ਨਾਗਰਿਕਤਾ ਮਿਲ ਗਈ ਹੈ। ਆਮ ਸਭਾ ਦੇ 73ਵੇਂ ਸੈਸ਼ਨ ਵਿਚ ਹਿੱਸਾ ਲੈਣ ਪਹੁੰਚੀ ਸੁਸ਼ਮਾ ਨੇ ਐਂਟੀਗੁਆ ਦੇ ਵਿਦੇਸ਼ ਮੰਤਰੀ  ਨਾਲ ਦੁਵੱਲੀ ਗੱਲਬਾਤ ਕੀਤੀ। ਜਦੋਂ ਗ੍ਰੀਨ ਕੋਲੋਂ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,'ਇਸ ਬਾਰੇ 'ਚ ਆਪਣੀ ਵਿਦੇਸ਼ ਮੰਤਰੀ ਕੋਲੋਂ ਪੁੱਛੋ।'

 

ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ, ਇਸ ਮੁਲਾਕਾਤ ਦੌਰਾਨ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਗ੍ਰੀਨ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਚੌਕਸੀ ਭਾਰਤ 'ਚ ਬਹੁਤ ਵੱਡਾ ਘਪਲਾ ਕਰਕੇ ਭੱਜਿਆ ਹੈ ਅਤੇ ਉਸਦੀ ਸਪੁਰਦਗੀ ਨੂੰ ਲੈ ਕੇ ਉਨ੍ਹਾਂ ਕੋਲੋਂ ਕਾਫੀ ਉਮੀਦਾਂ ਹਨ। ਇਸ 'ਤੇ ਗ੍ਰੀਨ ਨੇ ਕਿਹਾ ਕਿ ਸਰਕਾਰ ਦੇ ਤੌਰ 'ਤੇ ਅਸੀਂ ਪੂਰਾ ਸਹਿਯੋਗ ਦਿਆਂਗੇ।' 

ਇਸ ਤੋਂ ਪਹਿਲਾਂ ਇਹ ਯੋਜਨਾ ਸੀ ਕਿ ਆਮ ਸਭਾ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਮੁਲਾਕਾਤ ਹੋਵੇਗੀ ਪਰ ਜੰਮੂ-ਕਸ਼ਮੀਰ 'ਚ ਫੌਜ ਅਤੇ ਪੁਲਸ ਕਰਮਚਾਰੀਆਂ ਦੀ ਹੱਤਿਆ ਦੇ ਬਾਅਦ ਇਸ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਐਂਟੀਗੁਆ ਭਾਰਤ ਨਾਲ ਸਪੁਰਦਗੀ ਸੰਧੀ 'ਤੇ ਦਸਤਖਤ ਕਰ ਚੁੱਕਾ ਹੈ। ਚੌਕਸੀ ਦੇ ਐਂਟੀਗੁਆ 'ਚ ਹੋਣ ਦੀ ਪੁਸ਼ਟੀ ਤੋਂ ਬਾਅਦ ਤੋਂ ਹੀ ਭਾਰਤੀ ਏਜੰਸੀਆਂ ਉਸ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।


Related News