ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਸਤੇ ''ਨੈਨੋ ਯੂਰੀਏ'' ਦੀ ਸਪਲਾਈ ਹੋਣੀ ਹੋਈ ਸ਼ੁਰੂ
Sunday, Jun 06, 2021 - 04:34 PM (IST)
ਨਵੀਂ ਦਿੱਲੀ- ਇਫਕੋ ਨੇ ਨੈਨੋ ਯੂਰੀਏ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਵਿਸ਼ਵ ਵਾਤਾਵਰਣ ਦਿਹਾੜੇ ਦੇ ਮੌਕੇ ਪਹਿਲੀ ਖੇਪ ਯੂ. ਪੀ. ਦੇ ਕਿਸਾਨਾਂ ਲਈ ਭੇਜੀ ਗਈ ਹੈ। ਇਫਕੋ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਤਰਲ ਰੂਪ ਵਿਚ 500 ਮਿਲੀਲਿਟਰ ਬੋਤਲ ਵਿਚ ਉਪਲਬਧ ਹੈ, ਜੋ 45 ਕਿਲੋ ਯੂਰੀਏ ਦੇ ਬਰਾਬਰ ਹੈ। ਇਸ ਦੀ ਕੀਮਤ 240 ਰੁਪਏ ਰੱਖੀ ਗਈ ਹੈ।
ਇਸ ਨੂੰ ਸਰਕਾਰ ਦੇ ਖਾਦ ਕੰਟਰੋਲ ਆਰਡਰ ਵਿਚ ਵੀ ਸ਼ਾਮਲ ਕੀਤਾ ਗਿਆ ਹੈ, ਯਾਨੀ ਇਸ ਦੀਆਂ ਕੀਮਤਾਂ ਵਿਚ ਮਨਮਰਜ਼ੀ ਨਾਲ ਤਬਦੀਲੀ ਨਹੀਂ ਹੋ ਸਕੇਗੀ। ਇਫਕੋ ਵੱਲੋਂ ਨੈਨੋ ਯੂਰੀਆ ਗੁਜਰਾਤ ਦੇ ਕਲੋਲ ਵਿਚ ਸਥਿਤ ਨੈਨੋ ਬਾਇਓਟੈਕਨਾਲੋਜੀ ਰਿਸਰਚ ਸੈਂਟਰ ਵਿਖੇ ਪੇਟੈਂਟਡ ਤਕਨਾਲੋਜੀ ਨਾਲ ਵਿਕਸਤ ਕੀਤਾ ਗਿਆ ਹੈ।
ਇਫਕੋ ਦੇ ਉਪ ਮੁਖੀ ਦਿਲੀਪ ਸੰਘਾਨੀ ਨੇ ਕਿਹਾ, "ਨੈਨੋ ਯੂਰੀਆ 21 ਵੀਂ ਸਦੀ ਦੀ ਉਤਪਾਦ ਹੈ। ਅੱਜ ਦੇ ਸਮੇਂ ਦੀ ਲੋੜ ਹੈ ਕਿ ਅਸੀਂ ਵਾਤਾਵਰਣ, ਮਿੱਟੀ, ਹਵਾ ਤੇ ਪਾਣੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਈਏ।" ਗੁਜਰਾਤ ਦੇ ਕਲੋਲ ਤੇ ਉੱਤਰ ਪ੍ਰਦੇਸ਼ ਦੇ ਆਂਵਲਾ ਤੇ ਫੂਲਪੁਰ ਦੇ ਇਫਕੋ ਪਲਾਂਟਾਂ ਵਿਚ ਨੈਨੋ ਯੂਰੀਏ ਦੇ ਨਿਰਮਾਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪਹਿਲੇ ਦੌਰ ਵਿਚ 14 ਕਰੋੜ ਬੋਤਲਾਂ ਦੀ ਸਾਲਾਨਾ ਸਮਰੱਥਾ ਵਿਕਸਤ ਕੀਤੀ ਜਾ ਰਹੀ ਹੈ। 2023 ਤੱਕ 18 ਕਰੋੜ ਹੋਰ ਬੋਤਲਾਂ ਦਾ ਉਤਪਾਦਨ ਕੀਤਾ ਜਾਵੇਗਾ। ਇਸ ਤਰ੍ਹਾਂ ਸਾਲ 2023 ਤੱਕ 32 ਕਰੋੜ ਬੋਤਲਾਂ ਤਕਰੀਬਨ 1.37 ਕਰੋੜ ਟਨ ਯੂਰੀਆ ਦੀ ਜਗ੍ਹਾ ਲੈਣਗੀਆਂ। ਇਫਕੋ ਨੈਨੋ ਯੂਰੀਆ ਵਾਤਾਵਰਣ ਪੱਖੀ ਇਸ ਦੇ ਇਸਤੇਮਾਨ ਨਾਲ ਖੇਤਾਂ ਵਿਚ ਪੋਸ਼ਕ ਤੱਤਾਂ ਦੇ ਹੋ ਰਹੇ ਨੁਕਸਾਨ ਵਿਚ ਕਮੀ ਆਵੇਗੀ।