ਸ਼ੂਗਰ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲਿਆਂ ਦਾ ‘ਮੁਨਾਫੇ ਨਾਲ ਮੂੰਹ ਮਿੱਠਾ’
Sunday, May 02, 2021 - 09:37 AM (IST)
ਮੁੰਬਈ - ਸ਼ੇਅਰ ਬਾਜ਼ਾਰ ’ਚ ਮਈ ਸੀਰੀਜ਼ ਦੀ ਸ਼ੁਰੂਆਤ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਆਈ ਤੇਜ਼ ਗਿਰਾਵਟ ਦੇ ਬਾਵਜੂਦ ਖੰਡ ਦੇ ਸ਼ੇਅਰਾਂ ’ਚ ਮਿਠਾਸ ਕਾਇਮ ਰਹੀ ਅਤੇ ਖੰਡ ਦੇ ਨਿਵੇਸ਼ਕਾਂ ਦਾ ਮੂੰਹ ਸ਼ੁੱਕਰਵਾਰ ਨੂੰ ਵੀ ਮੁਨਾਫੇ ਨਾਲ ਮਿੱਠਾ ਹੋ ਗਿਆ।
ਸ਼ੂਗਰ ’ਚ ਇਹ ਤੇਜ਼ੀ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਜਾਰੀ ਹੈ ਅਤੇ ਇਸ ਸੈਕਟਰ ਦੇ ਕਈ ਸ਼ੇਅਰ 60 ਫੀਸਦੀ ਤੱਕ ਮੁਨਾਫਾ ਦੇ ਚੁੱਕੇ ਹਨ। ਮੈਟਲ ਤੋਂ ਬਾਅਦ ਇਹ ਦੂਜਾ ਸੈਕਟਰ ਹੈ ਜਿਥੇ ਇੰਡੈਕਸ ’ਚ ਗਿਰਾਵਟ ਦਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ ਅਤੇ ਸ਼ੂਗਰ ਸ਼ੇਅਰਾਂ ’ਚ ਰੈਲੀ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ
ਕਿਉਂ ਆ ਰਹੀ ਹੈ ਸ਼ੂਗਰ ਦੇ ਸ਼ੇਅਰਾਂ ’ਚ ਤੇਜ਼ੀ
ਅਸਲ ’ਚ ਸਰਕਾਰ ਨੇ 2025 ਤੱਕ ਪੈਟਰੋਲ ’ਚ ਈਥੇਨਾਲ ਦੀ ਮਾਤਰਾ ਵਧਾ ਕੇ 20 ਫੀਸਦੀ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਪਹਿਲਾਂ ਸਰਕਾਰ ਦਾ ਪੈਟਰੋਲ ’ਚ 20 ਫੀਸਦੀ ਈਥੇਨਾਲ ਮਿਲਾਉਣ ਦਾ ਟੀਚਾ 2030 ਤੱਕ ਦਾ ਸੀ, ਜਿਸ ਨੂੰ ਘੱਟ ਕਰ ਕੇ ਹੁਣ 2025 ਤੱਕ ਕਰ ਦਿੱਤਾ ਗਿਆ ਹੈ। 2014 ’ਚ ਪੈਟਰੋਲ ’ਚ ਇਕ ਫੀਸਦੀ ਤੋਂ ਘੱਟ ਈਥੇਨਾਲ ਮਿਲਾਇਆ ਜਾ ਰਿਹਾ ਸੀ, ਜਿਸ ਨੂੰ ਵਧਾ ਕੇ ਹੁਣ 8.5 ਫੀਸਦੀ ਕਰ ਦਿੱਤਾ ਗਿਆ ਅਤੇ ਅਗਲੇ ਸਾਲ ਲਈ ਪੈਟਰੋਲ ’ਚ ਈਥੇਨਾਲ ਦੀ ਮਾਤਰਾ ਵਧਾ ਕੇ 10 ਫੀਸਦੀ ਕਰਨ ਦਾ ਟੀਚਾ ਹੈ।
ਈਥੇਨਾਲ ਦੀ ਮਾਤਰਾ 20 ਫੀਸਦੀ ਤੱਕ ਵਧਾਉਣ ਨਾਲ ਦੇਸ਼ ’ਚ 10 ਅਰਬ ਲਿਟਰ ਈਥੇਨਾਲ ਦੀ ਲੋੜ ਪਵੇਗੀ ਅਤੇ ਇਸ ਦੀ ਕੀਮਤ 60 ਤੋਂ 65 ਹਜ਼ਾਰ ਕਰੋੜ ਰੁਪਏ ਹੋਵੇਗੀ ਅਤੇ ਮੰਗ ਖੰਡ ਮਿੱਲਾਂ ਵਲੋਂ ਹੀ ਪੂਰੀ ਕੀਤੀ ਜਾਏਗੀ। ਖੰਡ ਮਿੱਲਾਂ ’ਚ ਗੰਨੇ ਦੇ ਰੱਸ ਨਾਲ ਈਥੇਨਾਲ ਬਣਾਇਆ ਜਾਂਦਾ ਹੈ। ਲਿਹਾਜਾ ਕੰਪਨੀਆਂ ਹੁਣ ਈਥੇਨਾਲ ਦਾ ਉਤਪਾਦਨ ਵਧਾਉਣ ਲਈ ਆਪਣੀ ਸਮਰੱਥਾ ਦਾ ਵਿਸਤਾਰ ਕਰਨਗੀਆਂ। ਸਰਕਾਰ ਵਲੋਂ ਪੈਟਰੋਲ ’ਚ ਈਥੇਨਾਲ ਦੀ ਮਾਤਰਾ ਵਧਾਉਣ ਦੇ ਟੀਚੇ ਨਾਲ ਈਥੇਨਾਲ ਦੇ ਰੇਟ ’ਚ ਤੇਜ਼ੀ ਆਈ ਹੈ ਅਤੇ ਇਸ ਤੇਜ਼ੀ ਦਾ ਫਾਇਦਾ ਸ਼ੂਗਰ ਕੰਪਨੀਆਂ ਨੂੰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਵਧਿਆ ਡਿਜੀਟਲ ਲੈਣ-ਦੇਣ, ਟਰਾਂਜੈਕਸ਼ਨ ਫ਼ੇਲ੍ਹ ਹੋਣ ਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਖਾਤਾਧਾਰਕ
ਬ੍ਰੋਕਰੇਜ ਕੰਪਨੀਆਂ ਦਾ ਸ਼ੂਗਰ ਸੈਕਟਰ ’ਤੇ ਫੋਕਸ
ਇਸ ਦਰਮਿਆਨ ਬ੍ਰੋਕਰੇਜ ਕੰਪਨੀਆਂ ਦਾ ਫੋਕਸ ਵੀ ਸ਼ੂਗਰ ਸੈਕਟਰ ’ਤੇ ਹੈ ਅਤੇ ਕੰਪਨੀਆਂ ਨੂੰ ਸਰਕਾਰ ਦੀਆਂ ਨੀਤੀਆਂ ਨਾਲ ਇਸ ਸੈਕਟਰ ਦੀ ਹਾਲਤ ’ਚ ਭਵਿੱਖ ’ਚ ਵੀ ਸੁਧਾਰ ਦੇ ਸੰਕੇਤ ਨਜ਼ਰ ਆ ਰਹੇ ਹਨ। ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਅਤੇ ਜੇ. ਐੱਮ. ਫਾਇਨਾਂਸ਼ੀਅਲ ਨੇ ਇਸ ਸੈਕਟਰ ਦੇ ਆਊਟਲੁਕ ’ਚ ਸੁਧਾਰ ਦੱਸਿਆ ਹੈ।
ਸ਼ੂਗਰ ਸੈਕਟਰ ਨੂੰ ਸਰਕਾਰੀ ਨੀਤੀਆਂ ਤੋਂ ਫਾਇਦਾ : ਜੇ. ਐੱਮ. ਫਾਇਨਾਂਸ਼ੀਅਲ
ਬ੍ਰੋਕਰੇਜ ਕੰਪਨੀ ਜੇ. ਐੱਮ. ਫਾਇਨਾਂਸ਼ੀਅਲ ਦਾ ਮੰਨਣਾ ਹੈ ਕਿ ਸ਼ੂਗਰ ਸੈਕਟਰ ਦੀਆਂ ਸਰਕਾਰ ਦੀਆਂ ਨੀਤੀਆਂ ਦਾ ਸਿੱਧਾ ਫਾਇਦਾ ਮਿਲਣ ਵਾਲਾ ਹੈ। ਸਰਕਾਰ ਨੇ ਇਸ ਸੈਕਟਰ ਲਈ ਐਕਸਪੋਰਟ ਸਬਸਿਡੀ ਤੋਂ ਇਲਾਵਾ ਘੱਟੋ-ਘੱਟ ਸੇਲ ਪ੍ਰਾਈਸ ਤੋਂ ਇਲਾਵਾ ਈਥੇਨਾਲ ਨੂੰ ਲੈ ਕੇ ਜੋ ਨੀਤੀ ਬਣਾਈ ਹੈ, ਉਸ ਨਾਲ ਲੰਮੇ ਸਮੇਂ ਤੋਂ ਮੰਦੇ ਪਏ ਸ਼ੂਗਰ ਸੈਕਟਰ ਨੂੰ ਸਹਾਰਾ ਮਿਲਿਆ ਹੈ। ਦੇਸ਼ ’ਚ ਖੰਡ ਦਾ ਔਸਤ ਉਤਪਾਦਨ 22 ਤੋਂ 30 ਮਿਲੀਅਨ ਟਨ ਰਹਿੰਦਾ ਹੈ ਪਰ ਹੁਣ ਉਤਪਾਦਨ 30 ਮਿਲੀਅਨ ਟਨ ਤੋਂ ਜ਼ਿਆਦਾ ਹੋ ਰਿਹਾ ਹੈ।
ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ’ਚ ਖੰਡ ਦਾ ਉਤਪਾਦਨ ਸੰਤੁਲਿਤ ਹੋਵੇਗਾ ਅਤੇ ਦੇਸ਼ ’ਚ ਹੁਣ ਵੀ ਛੇ ਮਹੀਨੇ ਦੀ ਖਪਤ ਦੇ ਬਰਾਬਰ ਖੰਡ ਮੌਜੂਦ ਰਹਿਣ ਦਾ ਅਨੁਮਾਨ ਹੈ। ਸਰਕਾਰ ਵਲੋਂ ਮਿੱਲਾਂ ਨੂੰ ਈਥੇਨਾਲ ਦੇ ਉਤਪਾਦਨ ਲਈ ਪ੍ਰੋਤਸਾਹਿਤ ਕਰਨ ਨਾਲ ਵੀ ਹਾਲਾਤ ’ਚ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ : 65 ਸਾਲ ’ਚ ਪਹਿਲੀ ਵਾਰ LIC ਨੇ ਵੇਚੇ ਸ਼ੇਅਰ, ਇਨ੍ਹਾਂ ਖੇਤਰਾਂ ’ਚ ਘਟਾਈ ਹਿੱਸੇਦਾਰੀ
ਸ਼ੂਗਰ ਇਕੋਨੋਮੀ ’ਚ ਸੁਧਾਰ ਹੋਇਆ, ਭਵਿੱਖ ਵੀ ਬਿਹਤਰ : ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼
ਸਰਕਾਰ ਵਲੋਂ ਪੈਟਰੋਲ ’ਚ ਈਥੇਨਾਲ ਦੀ ਮਾਤਰਾ ਵਧਾਉਣ ਨਾਲ ਦੋ ਫਾਇਦੇ ਹੋਣਗੇ। ਸਭ ਤੋਂ ਪਹਿਲਾ ਫਾਇਦਾ ਤਾਂ ਇਹ ਹੈ ਕਿ ਇਸ ਨਾਲ ਸ਼ੂਗਰ ਮਿੱਲਾਂ ਨੂੰ ਈਥੇਨਾਲ ਦੀਆਂ ਕੀਮਤਾਂ ਵਧਣ ਨਾਲ ਸ਼ੂਗਰ ਮਿੱਲਾਂ ਦੀ ਵਿੱਤੀ ਸਥਿਤੀ ’ਚ ਸੁਧਾਰ ਹੋਇਆ ਹੈ ਅਤੇ ਹੁਣ ਮਿੱਲਾਂ ਨੂੰ ਈਥੇਨਾਲ ਦਾ ਉਤਪਾਦਨ ਵਧਣ ਨਾਲ ਜ਼ਿਆਦਾ ਫਾਇਦਾ ਹੋਵੇਗਾ। ਈਥੇਨਾਲ ਦੇ ਉਤਪਾਦਨ ’ਚ ਗੰਨੇ ਦਾ ਇਸਤੇਮਾਲ ਹੋਣ ਨਾਲ ਖੰਡ ਦਾ ਉਤਪਾਦਨ ਵੀ ਸੰਤੁਲਨ ’ਚ ਰਹੇਗਾ ਅਤੇ ਜ਼ਿਆਦਾ ਖੰਡ ਉਤਪਾਦਨ ਨਾਲ ਕੀਮਤਾਂ ਨਹੀਂ ਡਿਗਣਗੀਆਂ, ਜਿਸ ਨਾਲ ਖੰਡ ਮਿੱਲਾਂ ਨੂੰ ਲਾਭ ਮਿਲੇਗਾ। ਪਿਛਲੇ ਦੋ ਸਾਲ ’ਚ ਦੇਸ਼ ’ਚ ਗੰਨੇ ਦੇ ਵਧੀਆ ਉਤਪਾਦਨ ਨਾਲ ਸ਼ੂਗਰ ਇਕੋਨੋਮੀ ’ਚ ਸੁਧਾਰ ਹੋਇਆ ਹੈ ਅਤੇ ਕੰਪਨੀਆਂ ਨੂੰ ਸਰਕਾਰ ਵਲੋਂ ਦਿੱਤੀ ਗਈ ਵਿੱਤੀ ਮਦਦ ਨਾਲ ਵੀ ਸਥਿਤੀ ’ਚ ਸੁਧਾਰ ਹੋਇਆ ਹੈ ਅਤੇ ਅੱਗੇ ਵੀ ਇੰਡਸਟਰੀ ਦਾ ਆਊਟਲੁਕ ਚੰਗਾ ਲੱਗ ਰਿਹਾ ਹੈ।
ਇਕਰਾ ਨੇ ਰੇਟਿੰਗ ਸੁਧਾਰੀ, ਬਲਰਾਮਪੁਰ ਖੰਡ ’ਚ ਤੇਜ਼ੀ
ਰੇਟਿੰਗ ਏਜੰਸੀ ਇਕਰਾ ਨੇ 10 ਅਪ੍ਰੈਲ ਨੂੰ ਹੀ ਬਲਰਾਮਪੁਰ ਖੰਡ ਨੂੰ ਲੈ ਕੇ ਆਪਣੀ ਰੇਟਿੰਗ ਸਟੇਬਲ ਤੋਂ ਪਾਜ਼ੇਟਿਵ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸ਼ੇਅਰ ’ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਕੰਪਨੀ ਦਾ ਸ਼ੇਅਰ 9 ਅਪ੍ਰੈਲ ਦੇ ਆਪਣੇ 147 ਰੁਪਏ ਦੇ ਪੱਧਰ ਤੋਂ ਹੁਣ 279 ਰੁਪਏ ਤੱਕ ਪਹੁੰਚ ਚੁੱਕਾ ਹੈ। ਇਕਰਾ ਨੂੰ ਵਿੱਤੀ ਸਾਲ 2022 ’ਚ ਕੰਪਨੀ ਦੇ ਆਪ੍ਰੇਸ਼ਨਸ ’ਚ ਹੋਰ ਸੁਧਾਰ ਦੇ ਨਾਲ-ਨਾਲ ਕੰਪਨੀ ਦੇ ਕਰਜ਼ੇ ’ਚ ਵੀ ਕਮੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਅਜਿਹਾ ਈਥੇਨਾਲ ਦੀ ਵਿਕਰੀ ਵਧਣ ਦੇ ਨਾਲ-ਨਾਲ ਖੰਡ ਦੀਆਂ ਕੀਮਤਾਂ ’ਚ ਅੱਗੇ ਜ਼ਿਆਦਾ ਗਿਰਾਵਟ ਨਾ ਆਉਣ ਕਾਰਨ ਹੋਵੇਗਾ। ਉੱਤਰ ਪ੍ਰਦੇਸ਼ ’ਚ ਇਸ ਸਾਲ ਖੰਡ ਉਤਪਾਦਨ 20 ਫੀਸਦੀ ਤੱਕ ਘੱਟ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਖੰਡ ਦੀਆਂ ਕੀਮਤਾਂ ’ਚ ਗਿਰਾਵਟ ਨਹੀਂ ਆਵੇਗੀ ਅਤੇ ਕੰਪਨੀ ਨੂੰ ਇਸ ਨਾਲ ਫਾਇਦਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮਿਸ਼ਨ ਆਕਸੀਜਨ : Reliance ਨੇ 1000 MT ਆਕਸੀਜਨ ਮਰੀਜ਼ਾਂ ਤੱਕ ਪਹੁੰਚਾਉਣ ਲਈ 24 ਟੈਂਕਰ ਕੀਤੇ ਏਅਰਲਿਫਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।