ਰਸੋਈ ਗੈਸ 'ਤੇ ਸਬਸਿਡੀ ਕੀ ਹਮੇਸ਼ਾ ਲਈ ਹੋ ਜਾਏਗੀ ਬੰਦ? ਵੇਖੋ ਖ਼ਬਰ
Sunday, Aug 30, 2020 - 10:05 PM (IST)

ਨਵੀਂ ਦਿੱਲੀ— ਕੀ ਤੁਸੀਂ ਦੇਖਿਆ ਹੈ ਕਿ ਮਈ 2020 ਤੋਂ ਘਰੇਲੂ ਐੱਲ. ਪੀ. ਜੀ. ਗੈਸ 'ਤੇ ਸਬਸਿਡੀ ਤੁਹਾਡੇ ਬੈਂਕ ਖਾਤੇ 'ਚ ਨਹੀਂ ਆ ਰਹੀ ਹੈ। ਕੋਰੋਨਾ ਕਾਲ ਦੌਰਾਨ ਜਿੱਥੇ ਮਹਾਮਾਰੀ ਕਾਰਨ ਮਹਿੰਗਾਈ ਦਰ ਵੱਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਰਸੋਈ ਗੈਸ ਸਸਤੀ ਹੋ ਰਹੀ ਹੈ। ਘਰੇਲੂ ਰਸੋਈ ਗੈਸ ਦੇ ਮੁੱਲ ਇੰਨੇ ਘੱਟ ਹੋ ਗਏ ਹਨ ਕਿ ਇਸ ਸਾਲ ਮਈ, ਜੂਨ, ਜੁਲਾਈ ਅਤੇ ਅਗਸਤ 'ਚ ਗਾਹਕਾਂ ਨੂੰ ਸਬਸਿਡੀ ਨਹੀਂ ਮਿਲੀ।
ਹਾਲਾਂਕਿ, ਕੁਝ ਖਪਤਕਾਰਾਂ ਨੂੰ ਖਾਤਿਆਂ 'ਚ 27 ਰੁਪਏ ਨਾਮਾਤਰ ਸਬਿਸਡੀ ਪਿਛਲੇ ਮਹੀਨੇ ਮਿਲੀ ਹੈ। ਸਰਕਾਰ ਵੱਲੋਂ ਸਬਸਿਡੀ 'ਚ ਲਗਾਤਾਰ ਕੀਤੀ ਗਈ ਕਟੌਤੀ ਨਾਲ ਇਸ ਸਾਲ ਮਈ ਤੋਂ ਸਬਸਿਡੀ ਅਤੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਇਕ ਹੋ ਗਈ ਹੈ। ਉੱਥੇ ਹੀ, ਲੋਕਾਂ 'ਚ ਇਹ ਚਰਚਾ ਆਮ ਹੋ ਗਈ ਹੈ ਕਿ ਸਰਕਾਰ ਗੈਸ 'ਤੇ ਸਬਸਿਡੀ ਖ਼ਤਮ ਕਰ ਰਹੀ ਹੈ।
ਰਸੋਈ ਗੈਸ ਸਿਲੰਡਰ 'ਤੇ ਸਬਸਿਡੀ 'ਚ ਪਿਛਲੇ ਇਕ ਸਾਲ ਤੋਂ ਕਟੌਤੀ ਕੀਤੀ ਜਾ ਰਹੀ ਹੈ। ਹਾਲਾਂਕਿ, ਸਬਸਿਡੀ ਖ਼ਤਮ ਕੀਤੇ ਜਾਣ ਨੂੰ ਲੈ ਕੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਹਰ ਵਾਰ ਇਸ ਗੱਲ ਤੋਂ ਇਨਕਾਰ ਕਰਦੇ ਰਹੇ ਹਨ।
ਮੌਜੂਦਾ ਸਮੇਂ ਰਾਸ਼ਟਰੀ ਰਾਜਧਾਨੀ ਦਿੱਲੀ 'ਚ 14.2 ਕਿਲੋਗ੍ਰਾਮ ਦੇ ਬਿਨਾਂ ਸਬਸਿਡੀ ਅਤੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦਾ ਬਾਜ਼ਾਰ ਮੁੱਲ 594 ਰੁਪਏ ਇਕ ਬਰਾਬਰ ਹੈ। ਜੁਲਾਈ 2019 'ਚ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 494.35 ਰੁਪਏ ਦਾ ਅਤੇ ਬਿਨਾਂ ਸਬਸਿਡੀ ਵਾਲਾ ਸਿਲੰਡਰ 637 ਰੁਪਏ ਦਾ ਸੀ। ਜੁਲਾਈ 2019 ਤੋਂ ਜੁਲਾਈ 2020 ਵਿਚਕਾਰ 14.2 ਕਿਲੋਗ੍ਰਾਮ ਦਾ ਸਬਸਿਡੀ ਵਾਲਾ ਸਿਲੰਡਰ 100 ਰੁਪਏ ਮਹਿੰਗਾ ਹੋਇਆ ਹੈ। ਗੌਰਤਲਬ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਨੇ ਆਪਣੀ ਵੈੱਬਸਾਈਟ 'ਤੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਬਾਰੇ ਜਾਣਕਾਰੀ ਦੇਣਾ ਬੰਦ ਕਰ ਦਿੱਤਾ ਹੈ। ਇਕ ਸਾਲ ਪਹਿਲਾਂ ਤੱਕ ਉਸ ਦੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਉਪਲਬਧ ਹੁੰਦੀ ਸੀ। ਮੰਨਿਆ ਜਾ ਰਿਹਾ ਹੈ ਕਿ ਬਾਜ਼ਾਰ 'ਚ ਫਿਲਹਾਲ ਘੱਟ ਕੀਮਤਾਂ ਨੇ ਸਬਸਿਡੀ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ।