ਕਰਮਚਾਰੀਆਂ ਦੀ ਹੜਤਾਲ ਨਾਲ ਟੁੱਟ ਰਿਹਾ ਕੰਪਨੀ ਦਾ ਲੱਕ, Boeing ਨੇ ਕਰ ਦਿੱਤਾ ਵੱਡਾ ਐਲਾਨ

Sunday, Oct 13, 2024 - 11:29 AM (IST)

ਕਰਮਚਾਰੀਆਂ ਦੀ ਹੜਤਾਲ ਨਾਲ ਟੁੱਟ ਰਿਹਾ ਕੰਪਨੀ ਦਾ ਲੱਕ, Boeing ਨੇ ਕਰ ਦਿੱਤਾ ਵੱਡਾ ਐਲਾਨ

ਨਵੀਂ ਦਿੱਲੀ (ਇੰਟ.) – ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਦੀ ਹੜਤਾਲ ਕੰਪਨੀ ਨੂੰ ਬਹੁਤ ਭਾਰੀ ਪੈ ਰਹੀ ਹੈ, ਇਸ ਨਾਲ ਕੰਪਨੀ ਦਾ ਲੱਕ ਟੁੱਟ ਗਿਆ ਹੈ। ਹੜਤਾਲ ਕਾਰਨ ਉਸ ਦਾ ਪ੍ਰੋਡਕਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਨਾਲ ਹੀ ਕੰਪਨੀ ਦੇ ਤਿਮਾਹੀ ਨਤੀਜੇ ਵੀ ਚੰਗੇ ਨਹੀਂ ਰਹੇ ਹਨ।

ਕਾਰੋਬਾਰ ’ਚ ਲਗਾਤਾਰ ਜਾਰੀ ਦਬਾਅ ਅਤੇ ਵਧਦੇ ਨੁਕਸਾਨ ਨੂੰ ਦੇਖਦੇ ਹੋਏ ਕੰਪਨੀ ਨੇ ਛਾਂਟੀ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ ਕੰਪਨੀ ਆਉਣ ਵਾਲੇ ਕੁਝ ਮਹੀਨਿਆਂ ’ਚ ਆਪਣੀ ਵਰਕਫੋਰਸ ਨੂੰ 10 ਫੀਸਦੀ ਘਟਾਏਗੀ। ਮੀਡੀਆ ਰਿਪੋਰਟਾਂ ਅਨੁਸਾਰ ਇਹ ਗਿਣਤੀ 17,000 ਤੱਕ ਹੋ ਸਕਦੀ ਹੈ।

ਐਗਜ਼ੀਕਿਊਟਿਵ ਅਤੇ ਮੈਨੇਜਰਾਂ ਸਮੇਤ ਸਾਰੇ ਕਰਮਚਾਰੀਆਂ ’ਤੇ ਪਵੇਗਾ ਛਾਂਟੀ ਦਾ ਅਸਰ

ਬੋਇੰਗ ਦੇ ਨਵੇਂ ਸੀ. ਈ. ਓ. ਕੈਲੀ ਓਰਟਬਰਗ ਨੇ ਕਿਹਾ ਕਿ ਇਸ ਛਾਂਟੀ ਦਾ ਅਸਰ ਐਗਜ਼ੀਕਿਊਟਿਵ, ਮੈਨੇਜਰਾਂ ਅਤੇ ਬਾਕੀ ਕਰਮਚਾਰੀਆਂ ’ਤੇ ਪਵੇਗਾ। ਇਹ ਛਾਂਟੀ ਕਈ ਪੜਾਵਾਂ ’ਚ ਆਉਣ ਵਾਲੇ ਮਹੀਨਿਆਂ ’ਚ ਕੀਤੀ ਜਾਵੇਗੀ।

ਕੈਲੀ ਓਰਟਬਰਗ ਨੇ ਕਿਹਾ ਕਿ ਇਸ ਹੜਤਾਲ ਨਾਲ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਬੋਇੰਗ ਨੇ ਨਵੇਂ ਜਹਾਜ਼ 777 ਐਕਸ ਦੀ ਲਾਂਚਿੰਗ ਵੀ ਹੁਣ 2025 ਦੀ ਬਜਾਏ 2026 ’ਚ ਕੀਤੀ ਜਾ ਸਕੇਗੀ। ਨਾਲ ਹੀ ਕੰਪਨੀ 767 ਜੈੱਟ ਦੇ ਪੁਰਾਣੇ ਆਰਡਰ ਡਿਲੀਵਰ ਕਰਨ ਤੋਂ ਬਾਅਦ ਇਸ ਦੇ ਕਾਰਗੋ ਵਰਜ਼ਨ ਦਾ ਪ੍ਰੋਡਕਸ਼ਨ ਵੀ 2027 ’ਚ ਬੰਦ ਕਰ ਦੇਵੇਗੀ।

14 ਸਤੰਬਰ ਤੋਂ ਚੱਲ ਰਹੀ ਹੜਤਾਲ

ਬੋਇੰਗ ਦਾ ਉਤਪਾਦਨ ਕਰੀਬ ਇਕ ਮਹੀਨੇ ਤੋਂ ਰੁਕਿਆ ਹੋਇਆ ਹੈ। ਇਸ ਦੇ ਕਾਰੀਗਰ 14 ਸਤੰਬਰ ਤੋਂ ਹੜਤਾਲ ’ਤੇ ਹਨ। ਇਸ ਹਫ਼ਤੇ ਮੁਲਾਜ਼ਮਾਂ ਨਾਲ ਚੱਲੀ ਦੋ ਦਿਨ ਦੀ ਗੱਲਬਾਤ ਵੀ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ। ਕੰਪਨੀ ਦੇ ਕਰੀਬ 33,000 ਕਰਮਚਾਰੀ ਹੜਤਾਲ ’ਤੇ ਹਨ।

ਕੈਲੀ ਓਰਟਬਰਗ ਨੇ ਕਿਹਾ ਕਿ ਸਾਲ 2019 ਤੋਂ ਲੈ ਕੇ ਹੁਣ ਤੱਕ ਸਾਨੂੰ ਲਗਭਗ 25 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਸਾਡੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਹੜਤਾਲ ਦੀ ਅਗਵਾਈ ਕਰ ਰਹੀ ਯੂਨੀਅਨ ਦੇ ਖਿਲਾਫ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਸੀ। ਕੰਪਨੀ ਦਾ ਦਾਅਵਾ ਹੈ ਕਿ ਯੂਨੀਅਨ ਹੜਤਾਲ ਖਤਮ ਨਹੀਂ ਕਰਨਾ ਚਾਹੁੰਦੀ।


author

Harinder Kaur

Content Editor

Related News