ਸ਼ੇਅਰ ਬਾਜ਼ਾਰ ''ਚ ਮਜ਼ਬੂਤੀ : ਨਵੇਂ ਸਰਵਕਾਲੀ ਉੱਚ ਪੱਧਰ ''ਤੇ ਪਹੁੰਚੇ ਸੈਂਸੈਕਸ ਤੇ ਨਿਫਟੀ
Tuesday, Jul 16, 2024 - 12:35 PM (IST)
ਮੁੰਬਈ (ਭਾਸ਼ਾ) - ਵਿਦੇਸ਼ੀ ਪੂੰਜੀ ਪ੍ਰਵਾਹ ਦੇ ਵਿਚਕਾਰ ਮੰਗਲਵਾਰ ਨੂੰ ਦਿਨ ਦੇ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਏ। BSI ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 233.44 ਅੰਕ ਵਧ ਕੇ 80,898.30 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। NSE ਨਿਫਟੀ 74.55 ਅੰਕ ਵਧ ਕੇ 24,661.25 ਦੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ।
ਸੈਂਸੈਕਸ 'ਚ ਸੂਚੀਬੱਧ ਕੰਪਨੀਆਂ 'ਚ ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਟਾਟਾ ਸਟੀਲ, ਇਨਫੋਸਿਸ, ਆਈਸੀਆਈਸੀਆਈ ਬੈਂਕ ਅਤੇ ਟਾਈਟਨ ਸਭ ਤੋਂ ਜ਼ਿਆਦਾ ਵਧੇ। ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ, ਨੇਸਲੇ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ ਨੂੰ ਨੁਕਸਾਨ ਹੋਇਆ। ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਲਾਭ 'ਚ ਰਿਹਾ ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ।
ਅਮਰੀਕੀ ਬਾਜ਼ਾਰ ਸੋਮਵਾਰ ਨੂੰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.51 ਫੀਸਦੀ ਘੱਟ ਕੇ 84.42 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸੋਮਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਖਰੀਦਦਾਰ ਬਣੇ ਰਹੇ ਅਤੇ ਉਨ੍ਹਾਂ ਨੇ ਸ਼ੁੱਧ 2,684.78 ਕਰੋੜ ਰੁਪਏ ਦੇ ਸ਼ੇਅਰ ਖਰੀਦੇ।