ਮਾਲੀਏ ’ਚ ਕਮੀ ਨਾਲ ਚਾਲੂ ਵਿੱਤੀ ਸਾਲ ’ਚ ਟੀਚੇ ਤੋਂ ਜ਼ਿਆਦਾ ਰਹਿ ਸਕਦੈ ਵਿੱਤੀ ਘਾਟਾ

Monday, Nov 26, 2018 - 11:39 PM (IST)

ਮਾਲੀਏ ’ਚ ਕਮੀ ਨਾਲ ਚਾਲੂ ਵਿੱਤੀ ਸਾਲ ’ਚ ਟੀਚੇ ਤੋਂ ਜ਼ਿਆਦਾ ਰਹਿ ਸਕਦੈ ਵਿੱਤੀ ਘਾਟਾ

ਨਵੀਂ ਦਿੱਲੀ-ਵਿੱਤੀ ਸਾਖ ਨਿਰਧਾਰਨ ਕਰਨ ਵਾਲੀ ਘਰੇਲੂ ਫਰਮ ਇੰਡੀਆ ਰੇਟਿੰਗਸ ਐਂਡ ਰਿਸਰਚ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਸਰਕਾਰ ਕੁਝ ਵੀ ਕਹੇ ਪਰ ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟਾ ਸੀਮਤ ਰੱਖਣ ਦਾ ਬਜਟ ’ਚ ਤੈਅ ਟੀਚਾ ਹਾਸਲ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਅਪ੍ਰਤੱਖ ਕਰ ਅਤੇ ਗੈਰ-ਕਰ ਮਾਲੀਏ ਦੀ ਪ੍ਰਾਪਤੀ ਅੰਦਾਜ਼ੇ ਅਨੁਸਾਰ ਨਹੀਂ ਚੱਲ ਰਹੀ। ਸਰਕਾਰ ਨੇ ਸਾਲ 2018-19 ’ਚ ਵਿੱਤੀ ਘਾਟਾ (ਸਰਕਾਰ ਦੇ ਕੁੱਲ ਖਰਚੇ ਦੇ ਮੁਕਾਬਲੇ ਉਸ ਦੇ ਮਾਲੀਏ ’ਚ ਕਮੀ) ਕੁੱਲ ਘਰੇਲੂ ਉਤਪਾਦ ਦੇ 3 ਫ਼ੀਸਦੀ ਤੱਕ ਸੀਮਤ ਰੱਖਣ ਦਾ ਟੀਚਾ ਰੱਖਿਆ ਹੈ। ਵਿੱਤੀ ਘਾਟਾ ਅਰਥਵਿਵਸਥਾ ਦੀ ਮਜ਼ਬੂਤ ਸਥਿਤੀ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਮਹੱਤਵਪੂਰਨ ਕਾਰਕ ਹੈ। ਫਿਚ ਸਮੂਹ ਦੀ ਇਸ ਇਕਾਈ ਨੂੰ ਲੱਗਦਾ ਹੈ ਕਿ ਵਿੱਤੀ ਘਾਟਾ ਅਪ੍ਰੈਲ-ਮਾਰਚ 2018-19 ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 3.5 ਫ਼ੀਸਦੀ ਤੱਕ ਪਹੁੰਚ ਜਾਵੇਗਾ। ਬਜਟ ’ਚ ਇਸ ਨੂੰ 3.3 ਫ਼ੀਸਦੀ ਤੱਕ ਸੀਮਤ ਰੱਖਣ ਦਾ ਟੀਚਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਘਾਟਾ ਇਸ ਵਿੱਤੀ ਸਾਲ ’ਚ 6.67 ਲੱਖ ਕਰੋੜ ਰੁਪਏ ਦੇ ਬਰਾਬਰ ਰਹੇਗਾ। ਬਜਟ ’ਚ ਇਸ ਦੇ 6.24 ਲੱਖ ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਸ ਵਾਰ ਅਪ੍ਰਤੱਖ ਕਰ ਮਾਲੀਆ ਟੀਚੇ ਤੋਂ 22,400 ਕਰੋੜ ਅਤੇ ਗੈਰ-ਕਰ ਮਾਲੀਆ 16,200 ਕਰੋੜ ਰੁਪਏ ਘੱਟ ਰਹਿਣ ਦਾ ਅੰਦਾਜ਼ਾ ਹੈ।   ਰਿਪੋਰਟ ’ਚ ਕਿਹਾ ਗਿਆ ਹੈ ਕਿ ਇਲੈਕਟ੍ਰਾਨਿਕ ਵੇਅ-ਬਿੱਲ (ਈ-ਵੇਅ ਬਿੱਲ) ਦੇ ਲਾਗੂ ਹੋਣ ਨਾਲ ਚੀਜ਼ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਚੋਰੀ ਰੋਕਣ ’ਚ ਮਦਦ ਮਿਲੀ ਹੈ। ਬਜਟ ’ਚ ਕੁੱਲ ਅਪ੍ਰਤੱਖ ਕਰ ਮਾਲੀਏ ’ਚ 22.2 ਫ਼ੀਸਦੀ ਦਾ ਵਾਧਾ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਇਹ ਵਾਧਾ ਸਿਰਫ 4.3 ਫ਼ੀਸਦੀ ਰਿਹਾ ਹੈ।  ਇਸੇ ਤਰ੍ਹਾਂ ਗੈਰ-ਕਰ ਮਾਲੀਆ ਵੀ ਲਾਭ ਅੰਸ਼ ਅਤੇ ਵਿਨਿਵੇਸ਼ ਆਦਿ ਤੋਂ ਪ੍ਰਾਪਤੀਆਂ ’ਚ ਕਮੀ  ਕਾਰਨ ਕੁੱਲ ਮਿਲਾ ਕੇ ਬਜਟ ਅੰਦਾਜ਼ੇ ਤੋਂ ਘੱਟ ਰਹੇਗਾ। ਜੀ. ਡੀ. ਪੀ. ਵਾਧਾ ਪਹਿਲੀ ਤਿਮਾਹੀ ਦੇ ਮੁਕਾਬਲੇ ਰਹਿ ਸਕਦੈ ਘੱਟ : ਐੱਸ. ਬੀ. ਆਈ.  ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ਦੀ ਦਰ ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਘੱਟ ਕੇ ਦੂਜੀ ਤਿਮਾਹੀ ’ਚ 7.5 ਤੋਂ 7.6 ਫ਼ੀਸਦੀ ਤੱਕ ਰਹਿ ਸਕਦੀ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅੱਜ ਜਾਰੀ ਇਕ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁੱਖ ਤੌਰ ’ਤੇ ਦਿਹਾਤੀ ਬਾਜ਼ਾਰ ’ਚ ਨਰਮੀ ਦੀ ਵਜ੍ਹਾ ਨਾਲ ਵਾਧਾ ਪ੍ਰਭਾਵਿਤ ਹੋਇਆ ਹੈ।     


Related News