ਸਟਾਰਬਕਸ ਨੇ ਹੌਲੀ ਕੀਤੀ ਨਵੇਂ ਸਟੋਰ ਖੋਲ੍ਹਣ ਦੀ ਰਫਤਾਰ
Wednesday, Dec 18, 2024 - 03:57 AM (IST)
ਨਵੀਂ ਦਿੱਲੀ - ਟਾਟਾ ਕੰਜ਼ਿਊਮਰ ਪ੍ਰੋਡਕਟਸ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਚ ਆਪਣੇ ਕੈਫੇ ’ਚ ਘੱਟ ਗਾਹਕ ਆਉਣ ਕਾਰਨ ਕੁਝ ਨਵੇਂ ਸਟਾਰਬਕਸ ਸਟੋਰ ਖੋਲ੍ਹਣ ਦੀ ਯੋਜਨਾ ਨੂੰ ਫਿਲਹਾਲ ਟਾਲ ਦੇਵੇਗੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਟਾਟਾ ਕੰਜ਼ਿਊਮਰ ਦੇ ਮੁੱਖ ਕਾਰਜ ਅਧਿਕਾਰੀ ਸੁਨੀਲ ਡਿਸੂਜ਼ਾ ਨੇ ਦੱਸਿਆ, “ਅਸੀਂ ਥੋੜ੍ਹੇ ਸਮੇਂ ਲਈ ਸ਼ਾਂਤ ਰਹਾਂਗੇ, ਸ਼ਾਇਦ 100 (ਸਟੋਰ) ਖੋਲ੍ਹਣ ਦੇ ਬਜਾਏ ਅਸੀਂ ਫਿਲਹਾਲ 80 ਖੋਲ੍ਹਾਂਗੇ ਅਤੇ ਅਗਲੇ ਸਾਲ ਅਸੀਂ 100 ਦੀ ਬਜਾਏ 120 ਸਟੋਰ ਖੋਲ੍ਹਾਂਗੇ।” ਉਨ੍ਹਾਂ ਕਿਹਾ ਕਿ ਟਾਟਾ ਸਟਾਰਬਕਸ ਅਜੇ ਵੀ ਸਾਲ 2028 ਤੱਕ 1,000 ਸਟੋਰ ਸੰਚਾਲਿਤ ਕਰਨ ਦੇ ਆਪਣੇ ਟੀਚੇ ਤੱਕ ਪੁੱਜਣ ’ਤੇ ਧਿਆਨ ਦੇ ਰਹੀ ਹੈ। ਦੇਸ਼ ’ਚ ਸ਼ਹਿਰੀ ਲੋਕ ਕੁਕੀਜ਼ ਅਤੇ ਕੌਫ਼ੀ ਤੋਂ ਲੈ ਕੇ ਫਾਸਟ ਫੂਡ ਤੱਕ ਹਰ ਚੀਜ਼ ’ਤੇ ਖਰਚੇ ’ਚ ਕਟੌਤੀ ਕਰ ਰਹੇ ਹਨ, ਕਿਉਂਕਿ ਮਹਿੰਗਾਈ ਲਗਾਤਾਰ ਮੱਧ ਵਰਗ ਦੇ ਬਜਟ ਨੂੰ ਘੱਟ ਕਰ ਰਹੀ ਹੈ ਅਤੇ ਤਨਖਾਹ ਉਸ ਰਫਤਾਰ ਨਾਲ ਨਹੀਂ ਵਧ ਰਹੀ ਹੈ।
ਅਮਰੀਕੀ ਕੌਫ਼ੀ ਬ੍ਰਾਂਡ ਸਟਾਰਬਕਸ ਅਤੇ ਭਾਰਤੀ ਸਮੂਹ ਵਿਚਾਲੇ ਇਕ ਸਾਂਝਾਂ ਉੱਦਮ ਟਾਟਾ ਸਟਾਰਬਕਸ 450 ਤੋਂ ਜ਼ਿਆਦਾ ਆਊਟਲੈੱਟਸ ਨਾਲ ਦੇਸ਼ ’ਚ ਸਭ ਤੋਂ ਵੱਡੀ ਕੈਫੇ ਲੜੀ ਚਲਾਉਂਦਾ ਹੈ। ਪਿਛਲੇ ਵਿੱਤੀ ਸਾਲ ਤੱਕ ਇਸ ਦੇ ਸਟੋਰਾਂ ਦੀ ਗਿਣਤੀ 4 ਸਾਲ ਪਹਿਲਾਂ ਦੇ ਮੁਕਾਬਲੇ ਦੁੱਗਣੇ ਤੋਂ ਵੱਧ ਹੋ ਗਈ ਸੀ ਪਰ ਡਿਸੂਜ਼ਾ ਨੇ ਕਿਹਾ ਕਿ ਗੁਣਵੱਤਾਪੂਰਨ ਸਥਾਨਾਂ ਦੀ ਕਮੀ ਇਕ ਰੁਕਾਵਟ ਹੈ।