ਸਪਾਈਸ ਜੈੱਟ ਨੇ ਸ਼ੁਰੂ ਕੀਤੀ ਸਪਾਈਸ ਸਟਾਰ ਅਕਾਦਮੀ
Wednesday, Jun 13, 2018 - 01:52 AM (IST)

ਨਵੀਂ ਦਿੱਲੀ— ਸਸਤੀ ਜਹਾਜ਼ ਸੇਵਾਦਾਤਾ ਕੰਪਨੀ ਸਪਾਈਸ ਜੈੱਟ ਨੇ ਅੱਜ 'ਸਪਾਈਸ ਸਟਾਰ ਅਕਾਦਮੀ' ਦੇ ਲਾਂਚਿੰਗ ਦਾ ਐਲਾਨ ਕੀਤਾ, ਜਿਸ 'ਚ ਏਮਿਟੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਬਿਜ਼ਨੈੱਸ ਐਡਮਨਿਸਟ੍ਰੇਸ਼ਨ 'ਚ ਡਿਗਰੀ ਕੋਰਸ ਸ਼ੁਰੂ ਕੀਤਾ ਜਾਵੇਗਾ।
ਕੰਪਨੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਪ੍ਰਬੰਧਨ ਦੇ ਨਾਲ ਹਵਾਬਾਜ਼ੀ ਉਦਯੋਗ ਲਈ ਤਿਆਰ ਕਰਨ ਦੇ ਮਕਸਦ ਨਾਲ ਇਹ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ 'ਚ ਪਹਿਲੇ 6 ਮਹੀਨੇ ਵਿਦਿਆਰਥੀਆਂ ਨੂੰ ਅਕਾਦਮੀ 'ਚ ਕੈਬਿਨ ਕਰੂ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਬਾਕੀ ਦੇ 5 ਸਮੈਸਟਰ ਉਨ੍ਹਾਂ ਨੂੰ ਏਮਿਟੀ ਵੱਲੋਂ ਆਨਲਾਈਨ ਕੋਰਸ ਕਰਨਾ ਹੋਵੇਗਾ। ਉਸ ਨੇ ਇਹ ਕੋਰਸ ਪੂਰਾ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ 8 ਲੱਖ ਰੁਪਏ ਸਾਲਾਨਾ ਦੀ ਤਨਖਾਹ 'ਤੇ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।
ਸਪਾਈਸ ਜੈੱਟ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਉਸ ਨੇ ਘਰੇਲੂ ਅਤੇ ਕੌਮਾਂਤਰੀ ਰਸਤਿਆਂ 'ਤੇ ਵੱਡੇ ਪੱਧਰ 'ਤੇ ਵਿਸਥਾਰ ਦੀ ਯੋਜਨਾ ਬਣਾਈ ਹੈ। ਉਹ 205 ਬੋਈਂਗ ਤੇ 50 ਬੰਬਾਰਡਿਅਰ ਕਿਊ-400 ਜਹਾਜ਼ ਖਰੀਦਣ ਵਾਲੀ ਹੈ। ਵਿਸਥਾਰ ਲਈ ਉਸ ਨੂੰ ਲਗਭਗ 6000 ਕਰੂ ਮੈਂਬਰਾਂ ਦੀ ਜ਼ਰੂਰਤ ਹੋਵੇਗੀ। ਇਸ ਕਮੀ ਨੂੰ ਪੂਰਾ ਕਰਨ 'ਚ ਗੁਰੂਗ੍ਰਾਮ 'ਚ ਸਥਾਪਤ ਇਹ ਅਕਾਦਮੀ ਮਦਦਗਾਰ ਹੋਵੇਗੀ।