ਸਪਾਈਸ ਜੈੱਟ ਇਸ ਤਾਰੀਖ਼ ਤੋਂ ਲੰਡਨ ਲਈ ਸ਼ੁਰੂ ਕਰਨ ਜਾ ਰਹੀ ਹੈ ਉਡਾਣਾਂ
Monday, Oct 05, 2020 - 10:32 PM (IST)
ਮੁੰਬਈ— ਨਿੱਜੀ ਖੇਤਰ ਦੀ ਹਾਵਾਬਾਜ਼ੀ ਕੰਪਨੀ ਸਪਾਈਸ ਜੈੱਟ ਦਿੱਲੀ ਅਤੇ ਮੁੰਬਈ ਤੋਂ ਲੰਡਨ ਲਈ ਸਿੱਧੀ ਉਡਾਣ 4 ਦਸੰਬਰ ਤੋਂ ਸ਼ੁਰੂ ਕਰਨ ਜਾ ਰਹੀ ਹੈ।
ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪਾਈਸ ਜੈੱਟ ਦਾ ਕਹਿਣਾ ਹੈ ਕਿ ਲੰਡਨ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਵਾਲੀ ਉਹ ਪਹਿਲੀ ਭਾਰਤੀ ਬਜਟ ਏਅਰਲਾਈਨ ਹੋਵੇਗੀ।
ਕਿਫਾਇਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਸਪਾਈਸ ਜੈੱਟ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਹੋਏ ਦੋ-ਪੱਖੀ ਵਿਸ਼ੇਸ਼ ਉਡਾਣ ਸਮਝੌਤੇ (ਏਅਰ ਬੱਬਲ ਕਰਾਰ) ਤਹਿਤ ਹੀ ਕੰਪਨੀ ਇਨ੍ਹਾਂ ਉਡਾਣਾਂ ਨੂੰ ਚਲਾਏਗੀ। ਇਸ ਲਈ ਕੰਪਨੀ ਤਿੰਨ ਏਅਰਬੱਸ ਏ330-90 ਨਿਓ ਜਹਾਜ਼ਾਂ ਦਾ ਇਸਤੇਮਾਲ ਕਰੇਗੀ।
ਇਨ੍ਹਾਂ ਜਹਾਜ਼ 'ਚ 353 ਇਕਨੋਮੀ ਸ਼੍ਰੇਣੀ ਅਤੇ 18 ਬਿਜ਼ਨੈੱਸ ਕਲਾਸ ਸੀਟਾਂ ਹਨ। ਇਹ ਉਡਾਣਾਂ ਦਿੱਲੀ ਅਤੇ ਮੁੰਬਈ ਤੋਂ ਲੰਡਨ ਦੇ ਹੀਥਰੋ ਲਈ ਚੱਲਣਗੀਆਂ। ਸਪਾਈਸ ਜੈੱਟ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਦਿੱਲੀ-ਲੰਡਨ ਉਡਾਣਾਂ ਹਫ਼ਤੇ 'ਚ ਦੋ ਵਾਰ, ਜਦੋਂ ਕਿ ਮੁੰਬਈ-ਲੰਡਨ ਉਡਾਣ ਹਫ਼ਤੇ 'ਚ ਇਕ ਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਲੰਮੀ ਦੂਰੀ ਲਈ ਹੋਰ ਥਾਵਾਂ ਦੀਆਂ ਸਿੱਧੀਆਂ ਉਡਾਣਾਂ ਦੀ ਵੀ ਜਲਦ ਘੋਸ਼ਣਾ ਕਰੇਗੀ।