ਦੇਸ਼ ’ਚ ਪਿਛਲੇ ਸਾਲ ਦੇ ਮੁਕਾਬਲੇ ਵ੍ਹਾਈਟ ਗੋਲਡ ਪੈਦਾਵਾਰ ਦੀ ਵੱਡੀ ਗਿਰਾਵਟ ਦੀਆਂ ਕਿਆਸਰਾਈਆਂ

Monday, Nov 23, 2020 - 09:20 AM (IST)

ਦੇਸ਼ ’ਚ ਪਿਛਲੇ ਸਾਲ ਦੇ ਮੁਕਾਬਲੇ ਵ੍ਹਾਈਟ ਗੋਲਡ ਪੈਦਾਵਾਰ ਦੀ ਵੱਡੀ ਗਿਰਾਵਟ ਦੀਆਂ ਕਿਆਸਰਾਈਆਂ

ਜੈਤੋ (ਪਰਾਸ਼ਰ) – ਭਾਰਤ ’ਚ ਨਵਾਂ ਚਾਲੂ ਕਪਾਹ ਸੀਜ਼ਨ ਸਾਲ 2020-21 ਦੌਰਾਨ ਦੇਸ਼ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ’ਚ ਹੁਣ ਤੱਕ ਲਗਭਗ 57 ਲੱਖ ਗੰਢਾਂ ਦਾ ਵਾਈਟ ਗੋਲਡ ਮੰਡੀਆਂ ’ਚ ਪਹੁੰਚਣ ਦੀ ਸੂਚਨਾ ਹੈ। ਸੂਤਰਾਂ ਦੇ ਮੁਤਾਬਕ ਦੇਸ਼ ਭਰ ’ਚ ਰੋਜ਼ਾਨਾ ਵ੍ਹਾਈਟ ਗੋਲਡ ਦੀ ਆਮਦ 1.70-1.80 ਲੱਖ ਗੰਢਾਂ ਦੀ ਆ ਰਹੀ ਹੈ। ਇਸ ’ਚ ਮੁੱਖ ਰੂਪ ਨਾਲ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਰਹੀ ਹੈ।

ਸੂਤਰਾਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਦੇਸ਼ ’ਚ 1.70,000 ਗੰਢਾਂ ਦਾ ਵ੍ਹਾਈਟ ਗੋਲਡ ਮੰਡੀਆਂ ’ਚ ਪਹੁੰਚਿਆ ਹੈ। ਦੇਸ਼ ’ਚ ਸਭ ਤੋਂ ਵੱਧ ਆਮਦ ਮਹਾਰਾਸ਼ਟਰ ’ਚ ਚੱਲ ਰਹੀ ਹੈ, ਉਥੇ ਲਗਭਗ 50,000 ਗੰਢਾਂ ਮੰਡੀਆਂ ’ਚ ਆ ਰਹੀਆਂ ਹਨ ਜਦੋਂ ਕਿ ਪੰਜਾਬ ’ਚ 7000 ਗੰਢਾਂ ਦੀ ਆਮਦ, ਹਰਿਆਣਾ 17,000 ਗੰਢਾਂ, ਅੱਪਰ ਰਾਜਸਥਾਨ 12,000 ਗੰਢਾਂ, ਲੋਅਰ ਰਾਜਸਤਾਨ 3500 ਗੰਢਾਂ, ਗੁਜਰਾਤ 28,000 ਗੰਢਾਂ, ਮਹਾਰਾਸ਼ਟਰ 50,000 ਗੰਢਾਂ, ਮੱਧ ਪ੍ਰਦੇਸ਼ 12,000 ਗੰਢਾਂ, ਕਰਨਾਟਕ 8000 ਗੰਢਾਂ, ਤੇਲੰਗਾਨਾ 20,000 ਗੰਢਾਂ, ਆਂਧਰਾ ਪ੍ਰਦੇਸ਼ 12,000 ਗੰਢਾਂ ਅਤੇ ਓਡਿਸ਼ਾ ’ਚ 500 ਗੰਢਾਂ ਦਾ ਵ੍ਹਾਈਟ ਗੋਲਡ ਪਹੁੰਚਿਆ ਹੈ। ਮਸ਼ਹੂਰ ਰੂੰ ਕਾਰੋਬਾਰੀ ਦੂਨੀ ਚੰਦ ਐਗਰੋ ਇੰਡਸਟ੍ਰੀਜ਼ ਬਰਵਾਲਾ ਦੇ ਐੱਮ. ਡੀ. ਤਰਸੇਮ ਰਾਜਨੀਵਾਲ ਮੁਤਾਬਕ ਦੇਸ਼ ’ਚ ਵ੍ਹਾਈਟ ਗੋਲਡ ਦੀ ਬੰਪਰ ਆਮਦ ਦੇ ਬਾਵਜੂਦ ਵੀ ਰੂੰ ਬਾਜ਼ਾਰ ’ਚ ਪਿਛਲੇ 3 ਹਫਤਿਆਂ ’ਚ 200-230 ਰੁਪਏ ਪ੍ਰਤੀ ਮਣ ਦਾ ਉਛਾਲ ਆ ਚੁੱਕਾ ਹੈ। ਭਾਰਤੀ ਰੂੰ ਵਪਾਰ ਜਗਤ ’ਚ ਰੂੰ ਦੇ ਭਾਅ ’ਚ 300 ਰੁਪਏ ਪ੍ਰਤੀ ਮਣ ਭਾਅ ਵਧਣ ਨੂੰ ਮੋਟੀ ਤੇਜ਼ੀ ਮੰਨਿਆ ਜਾਂਦਾ ਹੈ। ਕਤਾਈ ਮਿੱਲ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੱਡੀ ਉਮੀਦ ਹੈ ਕਿ ਛੇਤੀ ਹੀ ਆਉਣ ਵਾਲੇ ਦਿਨਾਂ ’ਚ ਰੂੰ ਬਾਜ਼ਾਰ ’ਚ 300 ਰੁਪਏ ਪ੍ਰਤੀ ਮਣ ਤੋਂ ਵੱਧ ਦੀ ਤੇਜ਼ੀ ਆ ਸਕਦੀ ਹੈ। ਪਿਛਲੇ ਕਈ ਹਫਤਿਆਂ ਤੋਂ ਕਤਾਈ ਮਿੱਲ੍ਹਾਂ ਦੀ ਦਿਲ ਖੋਲ੍ਹ ਕੇ ਰੂੰ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਤੋਂ ਲਗਦਾ ਹੈ ਕਿ ਹੁਣ ਰੂੰ ਭਾਅ ’ਚ ਮੰਦੀ ਆਉਣ ਦੇ ਚਾਂਸ ਬਹੁਤ ਘੱਟ ਨਜ਼ਰ ਆ ਰਹੇ ਹਨ।

ਰੂੰ ਕਾਰੋਬਾਰੀ ਰਾਜਨੀਵਾਲ ਬਰਵਾਲਾ ਨੇ ਦੱਸਿਆ ਕਿ ਕਾਟਨ ਐਸੋਸੀਏਸ਼ਨ ਆਫ ਇੰਡੀਆ ਨੇ ਆਪਣੀ ਰਿਪੋਰਟ ’ਚ ਇਸ ਸਾਲ ਦੇਸ਼ ’ਚ ਪਿਛਲੇ ਸਾਲ ਦੀ ਤੁਲਨਾ 356 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਪੈਦਾਵਾਰ ਹੋਣ ਦੀ ਗੱਲ ਕਹੀ ਹੈ ਜੋ ਪਿਛਲੇ ਸਾਲ ਤੋਂ 4 ਲੱਖ ਗੰਢਾਂ ਘੱਟ ਹੈ।

ਨਿਗਮ ਨੇ 22 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਘੱਟੋ-ਘੱਟ ਸਮਰਥਨ ਮੁੱਲ ਖਰੀਦਿਆ

ਭਾਰਤੀ ਕਪਾਹ ਨਿਗਮ ਲਿਮਟਿਡ ਸੀ. ਸੀ. ਆਈ. ਫਿਲਹਾਲ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਤੇਲੰਗਾਨਾ ਆਦਿ ਸੂਬਿਆਂ ਤੋਂ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਬੰਪਰ ਖਰੀਦ ਕਰ ਰਹੀ ਹੈ। ਸੂਤਰਾਂ ਦੇ ਮੁਤਾਬਕ ਦੇਸ਼ ਭਰ ’ਚ ਕੁਲ ਵ੍ਹਾਈਟ ਗੋਲਡ ਆਮਦ ਦੇ ਲਗਭਗ 75-80 ਫੀਸਦੀ ਖਰੀਦ ਰਹੀ ਹੈ। ਨਿਗਮ ਸੂਤਰਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਦੇਸ਼ ਦੇ ਹੋਰ ਸੂਬਿਆਂ ’ਚ ਵ੍ਹਾਈਟ ਗੋਲਡ ਦੀ ਆਮਦ ਸ਼ੁਰੂ ਹੋਵੇਗੀ ਉਥੇ ਵੀ ਵ੍ਹਾਈਟ ਗੋਲਡ ਦੀ ਖਰੀਦ ਘੱਟੋ-ਘੱਟ ਸਮਰਥਖਨ ਮੁੱਲ ’ਤੇ ਸ਼ੁਰੂ ਕਰ ਦਿੱਤੀ ਜਾਏਗੀ। ਸੂਤਰਾਂ ਦੇ ਮੁਤਾਬਕ ਨਿਗਮ ਨੇ ਹੁਣ ਤੱਕ ਕਿਸਾਨਾਂ ਤੋਂ 20-22 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਖਰੀਦ ਲਿਆ ਗਿਆ ਹੈ। ਇਸ ਸਾਲ ਨਿਗਮ ਨੇ ਪਿਛਲੇ ਸਾਲ ਦੀ ਤੁਲਨਾ ’ਚ 20 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਵੱਧ ਖਰੀਦ ਕਰ ਰਿਹਾ ਹੈ। ਨਿਗਮ ਦਾ ਇਸ ਸਾਲ 125 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਖਰੀਦਣ ਦਾ ਟੀਚਾ ਹੈ। ਕਿਸਾਨ ਨਿਗਮ ਦੀ ਖਰੀਦ ਦਾ ਹੀ ਇੰਤਜ਼ਾਰ ਕਰ ਰਹੇ ਹਨ।

15 ਲੱਖ ਗੰਢਾਂ ਦੀ ਵ੍ਹਾਈਟ ਗੋਲਡ ਬਰਾਮਦ : ਚਾਲੂ ਕਪਾਹ ਸੀਜ਼ਨ ਦੌਰਾਨ ਹੁਣ ਤੱਕ ਲਗਭਗ 15 ਲੱਖ ਵ੍ਹਾਈਟ ਗੋਲਡ ਦੀ ਬਰਾਮਦ ਵੱਖ-ਵੱਖ ਦੇਸ਼ਾਂ ਨੂੰ ਹੋਈ ਹੈ। ਬਰਾਮਦ ਭਾਂਵੇ ਧੀਮੀ ਰਫਤਾਰ ਨਾਲ ਚੱਲ ਰਹੀ ਹੈ ਪਰ ਮੰਗ ਚੰਗੀ ਬਣੀ ਹੋਈ ਹੈ। ਇਸ ਸਾਲ ਵ੍ਹਾਈਟ ਗੋਲਡ ਦੀ ਬਰਾਮਦ 65-70 ਲੱਖ ਗੰਢਾਂ ਦੀ ਬਰਾਮਦ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਜਦੋਂ ਕਿ ਪਿਛਲੇ ਸਾਲ 45 ਲੱਖ ਗੰਢਾਂ ਦੀ ਬਰਾਮਦ ਵੱਖ-ਵੱਖ ਦੇਸ਼ਾਂ ਨੂੰ ਹੋਈ ਸੀ। ਭਾਰਤੀ ਰੂੰ ਦੀ ਵਿਦੇਸ਼ਾਂ ’ਚ ਚੰਗੀ ਮੰਗ ਹੈ ਕਿਉਂਕਿ ਵਿਸ਼ਵ ਭਰ ’ਚ ਭਾਰਤੀ ਰੂੰ ਸਭ ਤੋਂ ਸਸਤਾ ਹੈ। ਚਾਲੂ ਕਪਾਹ ਸੀਜ਼ਨ ਦੌਰਾਨ ਭਾਰਤੀ ਕਪਾਹ ਨਿਗਮ ਲਿਮਟਿਡ ਸੀ. ਸੀ. ਆਈ. ਦਾ ਵੀ ਇਸ ਵਾਰ ਵ੍ਹਾਈਟ ਗੋਲਡ ਦੀਆਂ 15 ਲੱਖ ਗੰਢਾਂ ਦਾ ਟੀਚਾ ਹੈ। ਨਿਗਮ ਨੇ ਪਿਛਲੇ ਸਾਲ ਵੀ ਵ੍ਹਾਈਟ ਗੋਲਡ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਕਾਰਣ ਇਹ ਬਰਾਮਦ ਨਹੀਂ ਹੋ ਸਕਿਆ। ਪਰ ਇਸ ਵਾਰ ਨਿਗਮ ਬਰਾਮਦ ਲਈ ਗੰਭੀਰ ਹੈ ਅਤੇ ਇਸ ਬਾਰੇ ਬੰਗਲਾਦੇਸ਼ ਸਰਕਾਰ ਨਾਲ ਗੱਲਬਾਤ ਅੰਤਮ ਦੌਰ ’ਚ ਚੱਲ ਰਹੀ ਹੈ।


author

Harinder Kaur

Content Editor

Related News