2,000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਹੋਈ? ਜਾਣੋ ਕੀ ਬੋਲੀ ਸਰਕਾਰ
Sunday, Sep 20, 2020 - 10:11 AM (IST)
ਨਵੀਂ ਦਿੱਲੀ— ਕੀ 2,000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਹੋ ਗਈ ਹੈ? ਇਸ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕਸਭਾ 'ਚ ਕਿਹਾ ਕਿ 2,000 ਰੁਪਏ ਦੇ ਕਰੰਸੀ ਨੋਟਾਂ ਨੂੰ ਬਾਹਰ ਕਰਨ ਨੂੰ ਲੈ ਕੇ ਹੁਣ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।
ਲਿਖਤੀ ਜਵਾਬ 'ਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨੋਟਾਂ ਦੀ ਛਪਾਈ ਨੂੰ ਲੈ ਕੇ ਸਰਕਾਰ ਰਿਜ਼ਰਵ ਬੈਕ ਤੋਂ ਸਲਾਹ ਕੈ ਕੋਈ ਫ਼ੈਸਲਾ ਲੈਂਦੀ ਹੈ।
ਠਾਕੁਰ ਨੇ ਕਿਹਾ ਕਿ 31 ਮਾਰਚ 2020 ਤੱਕ ਪੂਰੇ ਦੇਸ਼ 'ਚ 2 ਹਜ਼ਾਰ ਦੇ 27 ਹਜ਼ਾਰ 398 ਲੱਖ ਨੋਟ ਪ੍ਰਚਲਨ 'ਚ ਸਨ। ਇਸ ਤੋਂ ਪਿਛਲੇ ਸਾਲ ਯਾਨੀ ਮਾਰਚ 2019 ਨੂੰ ਇਹ ਸੰਖਿਆ 32 ਹਜ਼ਾਰ 910 ਲੱਖ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਵਿਚਕਾਰ ਤਾਲਾਬੰਦੀ ਦੌਰਾਨ ਰਿਜ਼ਰਵ ਬੈਂਕ ਨੇ ਨੋਟਾਂ ਦੀ ਛਪਾਈ ਤਤਕਾਲ ਰੋਕ ਦਿੱਤੀ ਸੀ। ਹੁਣ ਪੜਾਅਬੱਧ ਤਰੀਕੇ ਨਾਲ ਇਹ ਕੰਮ ਸ਼ੁਰੂ ਹੋ ਕੀਤਾ ਗਿਆ ਹੈ।
ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਣ ਪ੍ਰਾਈਵੇਟ ਲਿਮਟਿਡ (ਬੀ. ਆਰ. ਬੀ. ਐੱਨ. ਐੱਮ. ਪੀ. ਐੱਲ.) ਰਿਜ਼ਰਵ ਬੈਂਕ ਲਈ ਨੋਟ ਛਪਾਈ ਦਾ ਕੰਮ ਕਰਦੀ ਹੈ। 23 ਮਾਰਚ ਤੋਂ 3 ਮਈ ਤੱਕ ਛਪਾਈ ਦਾ ਕੰਮ ਰੋਕ ਦਿੱਤਾ ਗਿਆ ਸੀ। 4 ਮਈ ਤੋਂ ਪੜਾਅਬੱਧ ਤਰੀਕੇ ਨਾਲ ਦੁਬਾਰਾ ਇਹ ਕੰਮ ਸ਼ੁਰੂ ਕੀਤਾ ਗਿਆ ਹੈ।