ਭਾਰਤੀ ਏਅਰਟੈੱਲ ’ਚ ਆਪਣੀ 2 ਤੋਂ 4 ਫੀਸਦੀ ਹਿੱਸੇਦਾਰੀ ਮਿੱਤਲ ਪਰਿਵਾਰ ਨੂੰ ਵੇਚੇਗੀ ਸਿੰਗਟੇਲ
Friday, May 27, 2022 - 04:45 PM (IST)

ਨਵੀਂ ਦਿੱਲੀ (ਭਾਸ਼ਾ) – ਸਿੰਗਾਪੁਰ ਦੀ ਦੂਰਸੰਚਾਰ ਕੰਪਨੀ ਸਿੰਗਟੇਲ ਆਪਣੀ 2 ਤੋਂ 4 ਫੀਸਦੀ ਹਿੱਸੇਦਾਰੀ ਵੇਚਣ ਲਈ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨਾਲ ਚਰਚਾ ਕਰ ਰਹੀ ਹੈ। ਇਸ ਘਟਨਾਕ੍ਰਾਮ ਨਾਲ ਜੁੜੇ ਸੂਤਰ ਨੇ ਇਹ ਜਾਣਕਾਰੀ ਦਿੱਤੀ। ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਏਅਰਟੈੱਲ ’ਚ ਆਪਣੀ 2 ਫੀਸਦੀ ਹਿੱਸੇਦਾਰੀ ਵੇਚ ਕੇ ਸਿੰਗਟੇਲ ਕਰੀਬ 7,500 ਕਰੋੜ ਰੁਪਏ ਜੁਟਾ ਸਕਦੀ ਹੈ। ਸੂਤਰ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਸਿੰਗਟੇਲ ਅਤੇ ਮਿੱਤਲ ਦਰਮਿਆਨ ਗੱਲਬਾਤ ਚੱਲ ਰਹੀ ਹੈ।
ਸਿੰਗਟੇਲ ਭਾਰਤੀ ਏਅਰਟੈੱਲ ’ਚ ਮਿੱਤਲ ਨੂੰ 2 ਤੋਂ 4 ਫੀਸਦੀ ਹਿੱਸੇਦਾਰੀ ਵੇਚਣ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਸੂਤਰ ਨੇ ਇਹ ਨਹੀਂ ਦੱਸਿਆ ਕਿ ਇਹ ਸੌਦਾ ਭਾਰਤੀ ਏਅਰਟੈੱਲ ’ਚ ਹੋਵੇਗਾ ਜਾਂ ਭਾਰਤੀ ਟੈਲੀਕਾਮ ’ਚ। ਇਸ ਸਬੰਧ ’ਚ ਭਾਰਤੀ ਏਅਰਟੈੱਲ ਨੂੰ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਮਿਲਿਆ। ਭਾਰਤੀ ਏਅਰਟੈੱਲ ’ਚ ਸਿੰਗਟੇਲ ਦੀ ਪ੍ਰਭਾਵੀ ਹਿੱਸੇਦਾਰੀ 31.7 ਫੀਸਦੀ ਹੈ। ਮਿੱਤਲ ਪਰਿਵਾਰ ਦੀ ਮਲਕੀਅਤ ਵਾਲੀ ਕੰਪਨੀ ਭਾਰਤੀ ਟੈਲੀਕਾਮ ’ਚ ਉਸ ਦੀ 49.44 ਫੀਸਦੀ ਹਿੱਸੇਦਾਰੀ ਹੈ। ਉੱਥੇ ਹੀ ਭਾਰਤੀ ਟੈਲੀਕਾਮ ਕੋਲ ਭਾਰਤੀ ਏਅਰਟੈੱਲ ਦੀ 35.85 ਫੀਸਦੀ ਹਿੱਸੇਦਾਰੀ ਹੈ।