ਅਮਰੀਕਾ ਦੀ ਰਾਹ 'ਤੇ ਸਿੰਗਾਪੁਰ, ਔਖਾ ਹੋ ਸਕਦੈ ਹੈ ਜਾਣਾ!

07/24/2017 7:40:02 AM

ਨਵੀਂ ਦਿੱਲੀ— ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਐੱਚ1-ਬੀ1 ਵੀਜ਼ਾ ਸਖਤ ਕਰਨ ਦੇ ਬਾਅਦ ਹੁਣ ਸਿੰਗਾਪੁਰ ਵੀ ਇਸੇ ਰਾਹ 'ਤੇ ਜਾਣ ਦੀ ਤਿਆਰੀ 'ਚ ਹੈ। ਸਿੰਗਾਪੁਰ ਦੇ ਉਪ ਪੀ. ਐੱਮ. ਟੀ. ਸ਼ਨਮੁਗਰਤਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੱਥੇ ਪਹਿਲਾਂ ਤੋਂ ਹੀ ਇਕ ਤਿਹਾਈ ਵਰਕਰ ਵਿਦੇਸ਼ੀ ਹਨ। ਉਨ੍ਹਾਂ ਨੇ ਕਿਹਾ ਕਿ 55 ਲੱਖ ਦੀ ਆਬਾਦੀ 'ਚ 35 ਲੱਖ ਸਿੰਗਾਪੁਰੀ ਹਨ, ਜਦੋਂ ਕਿ ਬਾਕੀ ਵਿਦੇਸ਼ੀ ਹਨ। ਅਜਿਹੇ 'ਚ ਰੁਜ਼ਗਾਰ ਬਾਜ਼ਾਰ 'ਚ ਵਿਦੇਸ਼ੀ ਲੋਕਾਂ ਦੇ ਆਉਣ ਨਾਲ ਸੰਬੰਧਤ ਨੀਤੀ ਨੂੰ ਖੁੱਲ੍ਹਾ ਛੱਡਣਾ ਨਾ ਸਮਝੀ ਹੋਵੇਗਾ।
ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਦਾ ਬਿਆਨ ਇਸ ਲਈ ਬਹੁਤ ਅਹਿਮ ਹੈ ਕਿਉਂਕਿ ਉੱਥੇ ਬਹੁਤ ਸਾਰੀਆਂ ਭਾਰਤੀ ਕੰਪਨੀਆਂ ਕੰਮ ਕਰਦੀਆਂ ਹਨ। ਟੀ. ਸੀ. ਐੱਸ., ਐੱਚ. ਸੀ. ਐੱਲ., ਇੰਫੋਸਿਸ, ਵਿਪਰੋ ਸਮੇਤ ਸਾਰੀਆਂ ਵੱਡੀਆਂ ਭਾਰਤੀ ਤਕਨੀਕੀ ਕੰਪਨੀਆਂ ਦੀ ਸਿੰਗਾਪੁਰ 'ਚ ਮੌਜੂਦਗੀ ਹੈ। ਸਿੰਗਾਪੁਰ ਭਾਰਤੀ ਤਕਨੀਕੀ ਵਰਕਰਾਂ ਨੂੰ ਵੀਜ਼ਾ ਜਾਰੀ ਕਰਨ 'ਚ ਸਖਤ ਕਦਮ ਅਪਣਾ ਰਿਹਾ ਹੈ, ਅਜਿਹੇ 'ਚ ਕੰਪਨੀਆਂ ਲਈ ਆਪਣੀ ਵਰਕਰ ਤਾਕਤ ਬਣਾਏ ਰੱਖਣਾ ਮੁਸ਼ਕਿਲ ਹੋ ਰਿਹਾ ਹੈ। 
ਦਿੱਲੀ ਆਰਥਿਕ ਸੰਮੇਲਨ 'ਚ ਬੋਲ ਰਹੇ ਸਿੰਗਾਪੁਰ ਦੇ ਉਪ ਪੀ. ਐੱਮ. ਨੇ ਕਿਹਾ ਸਾਡੀ ਮਜ਼ਦੂਰ ਸ਼ਕਤੀ ਦਾ ਇਕ ਤਿਹਾਈ ਪਹਿਲਾਂ ਤੋਂ ਹੀ ਵਿਦੇਸ਼ੀ ਹੈ ਅਤੇ ਜੇਕਰ ਤੁਸੀਂ ਬਿਨਾਂ ਕਿਸੇ ਨੀਤੀ ਦੇ ਆਪਣੇ ਰੁਜ਼ਗਾਰ ਬਾਜ਼ਾਰ ਨੂੰ ਵਿਦੇਸ਼ੀ ਵਰਕਰਾਂ ਲਈ ਖੋਲ੍ਹ ਦਿੰਦੇ ਹੋ ਤਾਂ ਇਹ ਗਲਤ ਅਰਥ ਸ਼ਾਸਤਰ ਹੈ। ਸੰਮੇਲਨ 'ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਚੁਣੌਤੀ ਨੌਕਰੀਆਂ ਪੈਦਾ ਕਰਨਾ ਹੈ। ਇਹ ਆਉਣ ਵਾਲੇ ਸਮੇਂ ਦੀ ਅਸਲ ਚੁਣੌਤੀ ਹੈ ਕਿਉਂਕਿ ਭਾਰਤ ਪਹਿਲਾਂ ਹੀ ਢੇਰ ਸਾਰਾ ਸਮਾਂ ਗੁਆ ਚੁੱਕਾ ਹੈ, ਬਹੁਤ ਸਮਾਂ ਨਿਕਲ ਚੁੱਕਾ ਹੈ ਕਿਉਂਕਿ ਤੁਹਾਡੇ ਕੋਲ ਕਾਨੂੰਨ ਹੈ, ਤੁਹਾਡੇ ਕੋਲ ਰੁਜ਼ਗਾਰ ਕਾਨੂੰਨ ਹੈ ਜੋ ਰੁਜ਼ਗਾਰ ਵਿਰੋਧੀ ਹੈ।


Related News