2000 ਦੇ ਨੋਟ ਬੰਦ ਹੋਣ ਕਾਰਨ ਮੁੜ ਪ੍ਰੇਸ਼ਾਨ ਹੋਏ ਆਮ ਲੋਕ, ਕੁਝ ਦੁਕਾਨਦਾਰਾਂ ਨੇ 2000 ਦਾ ਨੋਟ ਲੈਣ ਤੋਂ ਕੀਤਾ ਇਨਕਾਰ
Saturday, May 27, 2023 - 12:52 PM (IST)

ਲੁਧਿਆਣਾ (ਰਾਮ) - ਕਰੀਬ 7 ਸਾਲ ਪਹਿਲਾਂ ਨਵੰਬਰ 2016 'ਚ ਭ੍ਰਿਸ਼ਟਾਚਾਰ ਅਤੇ ਅੱਤਵਾਦ ਦੇ ਖ਼ਿਲਾਫ਼ ਮਾਸਟਰ ਸਟ੍ਰੋਕ ਦੱਸਦੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਕਾਰਨ ਦੇਸ਼ ਦੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਸੈਂਕੜੇ ਦੇ ਕਰੀਬ ਲੋਕਾਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ। ਸਾਲ 2016 ਦੀ ਨੋਟਬੰਦੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸਤੇਮਾਲ ’ਚ ਲਿਆਂਦੇ ਗਏ 2000 ਹਜ਼ਾਰ ਦੇ ਨੋਟ ਨੂੰ ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੇ ਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ ਸਰਕਾਰ ਨੇ ਆਮ ਲੋਕਾਂ ਨੂੰ 2000 ਦੇ ਇਸ ਨੋਟ ਨੂੰ ਬਦਲਣ ਲਈ 31 ਸਤੰਬਰ ਤੱਕ ਦਾ ਲੰਬਾ ਸਮਾਂ ਜ਼ਰੂਰ ਦੇ ਦਿੱਤਾ ਹੈ।
ਦੁਕਾਨਦਾਰਾਂ ਨੇ ਹੁਣ ਤੋਂ ਹੀ 2000 ਦਾ ਨੋਟ ਲੈਣ ਤੋਂ ਕੀਤਾ ਇਨਕਾਰ
ਕੇਂਦਰ ਸਰਕਾਰ ਵੱਲੋਂ 2000 ਦੇ ਨੋਟ ਨੂੰ ਚਲਨ ਤੋਂ ਬਾਹਰ ਕਰਨ ਦੇ ਐਲਾਨ ਤੋਂ ਬਾਅਦ ਜਿਥੇ ਕੁਝ ਕੁ ਲੋਕਾਂ ਨੂੰ ਇਸਦਾ ਫ਼ਾਇਦਾ ਹੁੰਦਾ ਵਿਖਾਈ ਦੇ ਰਿਹਾ ਹੈ, ਉਥੇ ਹੀ ਆਮ ਲੋਕ ਮੁੜ ਤੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ। ਬਾਜ਼ਾਰ 'ਚ ਦੁਕਾਨਦਾਰੀ ਕਰਨ ਵਾਲੇ ਕਈ ਦੁਕਾਨਦਾਰਾਂ ਨੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ. ਦੇ ਹੁਕਮਾਂ ਨੂੰ ਅਣਗੌਲਾ ਕਰਦੇ ਹੋਏ ਹੁਣ ਤੋਂ ਹੀ 2000 ਰੁਪਏ ਦੇ ਨੋਟ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। 2000 ਦਾ ਨੋਟ ਨਾ ਲੈਣ ਕਾਰਨ ਆਪਣੀਆਂ ਰੋਜ਼ਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਾਨ ਖਰੀਦਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਨੋਟਬੰਦੀ ਵਾਂਗ ਹੀ 2000 ਦੇ ਨੋਟ ਦਾ ਖਮਿਆਜ਼ਾ ਭੁਗਤ ਰਹੇ ਨੇ ਲੋਕ
2000 ਦੇ ਨੋਟ ਨੂੰ ਲੈਣ ਤੋਂ ਇਨਕਾਰੀ ਹੋਣ ਵਾਲੇ ਦੁਕਾਨਦਾਰਾਂ ਨੂੰ ਕਿਸੇ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਕੋਈ ਡਰ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਨੂੰ ਸਿਰਫ਼ ਆਪਣੀ ਸੁਵਿਧਾ ਵਿਖਾਈ ਦੇ ਰਹੀ ਹੈ ਅਤੇ ਆਮ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਫਿਰ ਭਾਵੇਂ ਤੁਸੀਂ 2000 ਦਾ ਨੋਟ ਦੇ ਕੇ ਦੁਕਾਨਦਾਰ ਕੋਲੋਂ 1500 ਤੋਂ ਜ਼ਿਆਦਾ ਦਾ ਸਾਮਾਨ ਖਰੀਦ ਰਹੇ ਹੋਣ ਤਾਂ ਵੀ ਇਹ ਦੁਕਾਨਦਾਰ ਤੁਹਾਡੇ ਕੋਲੋਂ 2000 ਦਾ ਨੋਟ ਨਹੀਂ ਲੈਣਗੇ ਅਤੇ ਸਿਰਫ਼ 500 ਰੁਪਏ ਦੇ ਨੋਟ ਜਾਂ ਦੂਸਰੀ ਕਰੰਸੀ ਲੈਣ ਦੀ ਜ਼ਿੱਦ ਕਰਨਗੇ। ਅਜਿਹਾ ਨਾ ਕਰਨ ਦੀ ਸੂਰਤ 'ਚ ਆਮ ਵਿਅਕਤੀ ਨੂੰ ਸਮਾਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਨੋਟਬੰਦੀ ਵਾਂਗ ਹੀ 2000 ਦੇ ਨੋਟ ਦੇ ਚਲਨ ਤੋਂ ਬਾਹਰ ਹੋਣ ਦਾ ਖਮਿਆਜ਼ਾ ਇਕ ਵਾਰ ਫਿਰ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।