ਭਾਰਤ ਦੇ ਤੇਲ ਦਰਾਮਦ ''ਚ ਕੈਨੇਡਾ, USA ਦੀ ਹਿੱਸੇਦਾਰੀ 11 ਫ਼ੀਸਦੀ ਵਧੀ
Monday, Feb 22, 2021 - 05:02 PM (IST)
ਨਵੀਂ ਦਿੱਲੀ- ਭਾਰਤ ਹੁਣ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਤੇਲ ਦਰਾਮਦ ਕਰ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਮੱਧ ਪੂਰਬੀ ਅਤੇ ਦੱਖਣੀ ਅਮਰੀਕਾ ਤੋਂ ਸਪਲਾਈ ਘਟਣ ਵਿਚਕਾਰ ਜਨਵਰੀ ਵਿਚ ਭਾਰਤ ਦੀ ਕੁੱਲ ਤੇਲ ਦਰਾਮਦ ਵਿਚ ਕੈਨੇਡਾ ਤੇ ਅਮਰੀਕਾ ਦੀ ਹਿੱਸੇਦਾਰੀ ਰਿਕਾਰਡ 11 ਫ਼ੀਸਦੀ 'ਤੇ ਪਹੁੰਚ ਗਈ। ਭਾਰਤ ਨੇ ਜਨਵਰੀ ਵਿਚ ਤਕਰੀਬਨ 48 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਤੇਲ ਦਰਾਮਦ ਕੀਤਾ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 6 ਫ਼ੀਸਦੀ ਘੱਟ, ਜਦੋਂ ਕਿ ਇਕ ਸਾਲ ਪਹਿਲਾਂ ਦੇ ਮੁਕਾਬਲੇ ਮਾਮੂਲੀ ਵੱਧ ਰਿਹਾ।
ਦਸੰਬਰ ਤੋਂ ਕੈਨੇਡਾ ਤੇ ਅਮਰੀਕਾ ਤੋਂ ਭਾਰਤ ਦੀ ਦਰਾਮਦ ਲਗਭਗ ਦੁੱਗਣੀ ਹੋ ਕੇ ਕ੍ਰਮਵਾਰ 142,000 ਬੀ. ਪੀ. ਡੀ. ਅਤੇ 367,000 ਬੀ. ਪੀ. ਡੀ. ਹੋ ਗਈ।
ਇਸ ਦੌਰਾਨ ਯੂ. ਏ. ਈ. ਤੋਂ ਬਾਅਦ ਅਮਰੀਕਾ ਭਾਰਤ ਦੇ ਚੌਥੇ ਸਭ ਤੋਂ ਵੱਡੇ ਸਪਲਾਇਰ ਵਜੋਂ ਉਭਰਿਆ। ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਰਤਾ ਵਾਲਾ ਤੇ ਖ਼ਪਤਕਾਰ ਦੇਸ਼ ਹੈ। 80 ਫ਼ੀਸਦੀ ਤੋਂ ਵੱਧ ਕੱਚੇ ਤੇਲ ਦੀ ਜ਼ਰੂਰਤ ਦਰਾਮਦ ਨਾਲ ਪੂਰੀ ਕੀਤੀ ਜਾਂਦੀ ਹੈ ਅਤੇ ਸਭ ਤੋਂ ਵੱਧ ਮੱਧ ਪੂਰਬੀ ਤੋਂ ਖ਼ਰੀਦਿਆ ਜਾਂਦਾ ਹੈ।
ਹਾਲਾਂਕਿ, ਮੱਧ ਪੂਰਬੀ 'ਤੇ ਹੁਣ ਨਿਰਭਰਤਾ ਘੱਟ ਰਹੀ ਹੈ ਕਿਉਂਕਿ ਰਿਫਾਇਨਰ ਸਪਲਾਈ ਵਿਚ ਰੁਕਾਵਟ ਤੋਂ ਬਚਣ ਲਈ ਅਤੇ ਸਸਤੇ ਵਿਚ ਬੈਰਲ ਖ਼ਰੀਦਣ ਲਈ ਹੋਰ ਸਰੋਤਾਂ ਨੂੰ ਜੋੜ ਰਹੇ ਹਨ। ਪਿਛਲੇ ਮਹੀਨੇ ਭਾਰਤ ਦੀ ਤੇਲ ਦਰਾਮਦ ਵਿਚ ਮੱਧ ਪੂਰਬੀ ਤੇਲ ਦਾ ਹਿੱਸਾ ਇਰਾਕ ਅਤੇ ਸਾਊਦੀ ਤੋਂ ਘੱਟ ਸਪਲਾਈ ਕਾਰਨ ਅੱਠ ਮਹੀਨੇ ਦੇ ਹੇਠਲੇ ਪੱਧਰ 61 ਫ਼ੀਸਦੀ 'ਤੇ ਆ ਗਿਆ, ਜਦੋਂ ਕਿ ਲਾਤੀਨੀ ਅਮਰੀਕਾ ਦਾ ਹਿੱਸਾ ਛੇ ਮਹੀਨਿਆਂ ਦੇ ਹੇਠਲੇ ਪੱਧਰ 6.4 ਫ਼ੀਸਦੀ 'ਤੇ ਆ ਗਿਆ। ਮਿਡਲ ਈਸਟ ਤੋਂ ਦਰਾਮਦ ਘਟਣ ਦੇ ਬਾਵਜੂਦ ਲਗਾਤਾਰ ਪਿਛਲੇ ਮਹੀਨੇ ਵੀ ਇਰਾਕ ਭਾਰਤ ਦਾ ਚੋਟੀ ਦਾ ਸਪਲਾਇਰ ਰਿਹਾ ਅਤੇ ਇਸ ਤੋਂ ਦੂਜੇ ਨੰਬਰ 'ਤੇ ਸਾਊਦੀ ਰਿਹਾ।