ਸ਼ਾਹਬਾਜ਼ ਦੀ ਅਗਵਾਈ ਵਾਲੀ ਸਰਕਾਰ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨਾ ਚਾਹੁੰਦੀ ਹੈ: ਇਮਰਾਨ ਖਾਨ

Monday, Sep 26, 2022 - 05:08 PM (IST)

ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵੱਲੋਂ 2019 ਵਿੱਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਲਏ ਸਨ, ਪਰ ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਇਸ ਨੂੰ ਮੁੜ ਸ਼ੁਰੂ ਕਰਨਾ ਚਾਹੁੰਦੀ ਹੈ।

ਖੈਬਰ ਪਖਤੂਨਖਵਾ ਦੇ ਕਰਾਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਖਾਨ (69) ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ-ਪ੍ਰਧਾਨ ਮਰੀਅਮ ਨਵਾਜ਼ "ਸੱਚ ਬੋਲਣ ਵਿੱਚ ਅਸਮਰੱਥ" ਸੀ। ਖਾਨ ਨੇ ਮਰੀਅਮ 'ਤੇ ਭਾਈ-ਭਤੀਜਾਵਾਦ ਨੂੰ ਰਾਸ਼ਟਰੀ ਹਿੱਤਾਂ ਤੋਂ ਉੱਪਰ ਰੱਖਣ ਦਾ ਦੋਸ਼ ਲਗਾਇਆ ਹੈ। ਲੀਕ ਹੋਏ ਆਡੀਓ ਦਾ ਹਵਾਲਾ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, "ਮਰੀਅਮ ਆਪਣੇ ਰਿਸ਼ਤੇਦਾਰ ਲਈ ਭਾਰਤ ਤੋਂ ਪਾਵਰ ਪਲਾਂਟ ਦੀ ਮਸ਼ੀਨਰੀ ਆਯਾਤ ਕਰਨਾ ਚਾਹੁੰਦੀ ਹੈ।"

ਇਹ ਵੀ ਪੜ੍ਹੋ : ਲੰਡਨ ਤੋਂ ਪਾਕਿਸਤਾਨ ਪਰਤ ਕੇ ਅਗਲੇ ਹਫਤੇ ਫਿਰ ਤੋਂ ਵਿੱਤ ਮੰਤਰਾਲਾ ਸੰਭਾਲ ਸਕਦੇ ਹਨ ਇਸ਼ਾਕ ਡਾਰ

ਆਡੀਓ 'ਚ ਪ੍ਰਧਾਨ ਮੰਤਰੀ ਸ਼ਰੀਫ ਨੂੰ ਕਥਿਤ ਤੌਰ 'ਤੇ ਦੱਸਿਆ ਗਿਆ ਹੈ ਕਿ ਮਰੀਅਮ ਦੇ ਰਿਸ਼ਤੇਦਾਰ ਭਾਰਤ ਤੋਂ ਪਾਵਰ ਪਲਾਂਟ ਇੰਪੋਰਟ ਕਰਨਾ ਚਾਹੁੰਦੇ ਹਨ। ਇਮਰਾਨ ਖਾਨ ਨੇ ਕਿਹਾ, ''ਸਾਡੀ ਸਰਕਾਰ ਨੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ ਕਿਉਂਕਿ ਇਸ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਦਿੱਤਾ ਸੀ।'' ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ''ਆਯਾਤ ਕੀਤੇ ਗਏ ਸ਼ਾਸਕ ਪਾਕਿਸਤਾਨ ਦੀ ਅਖੰਡਤਾ ਅਤੇ ਇਕਜੁੱਟਤਾ ਦੀ ਕੀਮਤ 'ਤੇ ਭਾਰਤ ਨਾਲ ਵਪਾਰਕ ਸਬੰਧ ਮੁੜ ਸ਼ੁਰੂ ਕਰਨਾ ਚਾਹੁੰਦੇ ਹਨ। 

ਹਾਲ ਹੀ ਦੇ ਹਫ਼ਤਿਆਂ ਵਿੱਚ, ਕਈ ਵਪਾਰਕ ਸੰਗਠਨਾਂ ਨੇ ਸਰਕਾਰ ਨੂੰ ਖਪਤਕਾਰਾਂ ਦੀ ਖ਼ਾਤਰ ਭਾਰਤ ਤੋਂ ਪਿਆਜ਼ ਅਤੇ ਟਮਾਟਰ ਵਰਗੀਆਂ ਜ਼ਰੂਰੀ ਵਸਤਾਂ ਦੀ ਦਰਾਮਦ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਦੇਸ਼ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਨੇ ਕਿਹਾ ਕਿ ਇਸ ਵਾਰ ਉਹ ਅਸਲ ਆਜ਼ਾਦੀ ਦੀ ਲੜਾਈ ਵਿੱਚ "ਇੱਕ ਗੇਂਦ ਤੋਂ ਤਿੰਨ ਵਿਕਟਾਂ" ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਅਸਲ ਆਜ਼ਾਦੀ ਲਈ ਉਨ੍ਹਾਂ ਦੇ ਸੰਘਰਸ਼ ਦੇ ਪਿੱਛੇ ਪੂਰਾ ਦੇਸ਼ ਖੜ੍ਹਾ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨੇ ਕੀਤਾ ਮੂਨਲਾਈਟਿੰਗ ਦਾ ਸਮਰਥਨ, ਕਿਹਾ-ਕੰਪਨੀਆਂ ਦਾ ਨੌਜਵਾਨਾਂ ਨੂੰ ਰੋਕਣ ਦਾ ਯਤਨ ਹੋਵੇਗਾ ਅਸਫਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News