ਸਤੰਬਰ ''ਚ 39 ਲੱਖ ਲੋਕਾਂ ਨੇ ਕੀਤਾ ਹਵਾਈ ਸਫ਼ਰ
Wednesday, Oct 14, 2020 - 03:21 PM (IST)

ਨਵੀਂ ਦਿੱਲੀ (ਵਾਰਤਾ) : ਹਵਾਈ ਸਫ਼ਰ ਦੇ ਪ੍ਰਤੀ ਮੁਸਾਫਰਾਂ ਦੇ ਵੱਧਦੇ ਵਿਸ਼ਵਾਸ ਦੇ ਦਮ 'ਤੇ ਸਤੰਬਰ ਵਿਚ ਘਰੇਲੂ ਮਾਰਗਾਂ 'ਤੇ ਮੁਸਾਫਰਾਂ ਦੀ ਗਿਣਤੀ 39 ਲੱਖ ਦੇ ਪਾਰ ਪਹੁੰਚ ਗਈ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਅੱਜ ਜ਼ਾਰੀ ਅੰਕੜਿਆਂ ਅਨੁਸਾਰ ਸਤੰਬਰ ਵਿਚ 39 ਲੱਖ 43 ਹਜ਼ਾਰ ਮੁਸਾਫਰਾਂ ਨੇ ਘਰੇਲੂ ਮਾਰਗਾਂ 'ਤੇ ਹਵਾਈ ਸਫ਼ਰ ਕੀਤਾ। ਇਸ ਤੋਂ ਪਹਿਲਾਂ ਅਗਸਤ ਵਿਚ ਇਹ ਗਿਣਤੀ 28 ਲੱਖ 32 ਹਜ਼ਾਰ ਰਹੀ ਸੀ। ਇਸ ਪ੍ਰਕਾਰ ਮਹੀਨਾ-ਦਰ-ਮਹੀਨਾ ਆਧਾਰ 'ਤੇ ਇਸ ਵਿਚ 39 ਫ਼ੀਸਦੀ ਦਾ ਵਾਧਾ ਹੋਇਆ ਹੈ। ਕੋਵਿਡ-19 ਕਾਰਨ ਤਾਲਾਬੰਦੀ ਦੇ ਬਾਅਦ ਇਹ ਕਿਸੇ ਮਹੀਨੇ ਵਿਚ ਮੁਸਾਫਰਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਹਾਲਾਂਕਿ ਕੋਵਿਡ-19 ਤੋਂ ਪਹਿਲਾਂ ਦੇ ਮੁਕਾਬਲੇ ਇਸ ਵਿਚ ਗਿਰਾਵਟ ਆਈ ਹੈ। ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਸ ਸਾਲ ਸਤੰਬਰ ਵਿਚ ਮੁਸਾਫਰਾਂ ਦੀ ਗਿਣਤੀ 65.82 ਫ਼ੀਸਦੀ ਘੱਟ ਰਹੀ ਹੈ। ਸਤੰਬਰ 2019 ਵਿਚ 1 ਕਰੋੜ 15 ਲੱਖ 33 ਹਜ਼ਾਰ ਮੁਸਾਫਰਾਂ ਨੇ ਸਫ਼ਰ ਕੀਤਾ ਸੀ।
ਇਹ ਵੀ ਪੜ੍ਹੋ: IPL 2020: ਧੋਨੀ ਦੇ ਗੁੱਸੇ ਕਾਰਨ ਅੰਪਾਇਰ ਨੂੰ ਬਦਲਣਾ ਪਿਆ ਇਹ ਫ਼ੈਸਲਾ, ਟੀਮ ਨੂੰ ਬੈਨ ਕਰਨ ਦੀ ਉੱਠੀ ਮੰਗ
ਮੁਸਾਫਰਾਂ ਦੀ ਗਿਣਤੀ ਦੇ ਮਾਮਲੇ ਵਿਚ 57.5 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਇੰਡੀਗੋ ਸਿਖ਼ਰ 'ਤੇ ਬਣੀ ਰਹੀ, ਹਾਲਾਂਕਿ ਉਸ ਦੀ ਬਾਜ਼ਾਰ ਹਿੱਸੇਦਾਰੀ ਅਗਸਤ ਦੇ ਮੁਕਾਬਲੇ ਘਟੀ ਹੈ। ਅਗਸਤ ਵਿਚ ਕੁੱਲ ਮੁਸਾਫਰਾਂ ਵਿਚੋਂ 59.4 ਫ਼ੀਸਦੀ ਨੇ ਇੰਡੀਗੋ ਦੀਆਂ ਉਡਾਣਾਂ ਵਿਚ ਸਫ਼ਰ ਕੀਤਾ ਸੀ। ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈਟ 13.4 ਫ਼ੀਸਦੀ ਨਾਲ ਦੂਜੇ ਅਤੇ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 9.4 ਫ਼ੀਸਦੀ ਨਾਲ ਚੌਥੇ ਸਥਾਨ 'ਤੇ ਰਹੀ। ਸਪਾਈਸਜੈਟ ਅਤੇ ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ ਵੀ ਸਤੰਬਰ ਵਿਚ ਘਟੀ ਹੈ। ਗੋ-ਏਅਰ ਅਤੇ ਵਿਸਤਾਰਾ ਦੀ ਬਾਜ਼ਾਰ ਹਿੱਸੇਦਾਰੀ ਕਰਮਵਾਰ ਦੋ ਫ਼ੀਸਦੀ ਅਤੇ 1.6 ਫ਼ੀਸਦੀ ਵਧੀ। ਗੋ-ਏਅਰ 6.7 ਫ਼ੀਸਦੀ ਹਿੱਸੇਦਾਰੀ ਨਾਲ ਚੌਥੇ ਅਤੇ ਵਿਸਤਾਰਾ 6.6 ਫ਼ੀਸਦੀ ਨਾਲ ਪੰਜਵੇਂ ਸਥਾਨ 'ਤੇ ਰਹੀ। ਇਸ ਦੇ ਬਾਅਦ 6 ਫ਼ੀਸਦੀ ਨਾਲ ਏਅਰ ਏਸ਼ੀਆ ਦਾ ਸਥਾਨ ਰਿਹਾ।
ਇਹ ਵੀ ਪੜ੍ਹੋ: IPL 2020: ਪੰਜਾਬ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ, ਕਿਹਾ-ਵਾਪਿਸ ਆਇਆ 'ਯੂਨੀਵਰਸ ਬੌਸ'
ਮੁਸਾਫਰਾਂ ਦੀ ਗਿਣਤੀ ਵਧਣ ਦੇ ਬਾਵਜੂਦ ਸਤੰਬਰ ਵਿਚ ਜ਼ਿਆਦਾ ਸੀਟਾਂ ਖਾਲ੍ਹੀ ਰਹੀਆਂ। ਭਰੀ ਸੀਟਾਂ ਦੇ ਔਸਤ ਅਨੁਪਾਤ (ਪੀ.ਐਲ.ਐਫ.) ਦੇ ਮਾਮਲੇ ਵਿਚ 73 ਫ਼ੀਸਦੀ ਦੇ ਨਾਲ ਸਪਾਈਸਜੈਟ ਸਿਖ਼ਰ 'ਤੇ ਰਹੀ। ਅਗਸਤ ਵਿਚ ਉਸ ਦਾ ਪੀ.ਐਲ.ਐਫ. 76 ਫ਼ੀਸਦੀ ਰਿਹਾ ਸੀ। ਵਿਸਤਾਰਾ ਦਾ ਪੀ.ਐਲ.ਐਫ. 68.3 ਫ਼ੀਸਦੀ ਤੋਂ ਘੱਟ ਕੇ 66.7 ਫ਼ੀਸਦੀ 'ਤੇ, ਇੰਡੀਗੋ ਦਾ 65.6 ਫ਼ੀਸਦੀ ਤੋਂ ਘੱਟ ਕੇ 65.4 ਫ਼ੀਸਦੀ 'ਤੇ, ਗੋ-ਏਅਰ ਦਾ 61 ਫ਼ੀਸਦੀ ਤੋਂ ਘੱਟ ਕੇ 57.6 ਫ਼ੀਸਦੀ 'ਤੇ ਅਤੇ ਏਅਰ ਇੰਡੀਆ ਦਾ 58.6 ਫ਼ੀਸਦੀ ਤੋਂ ਘੱਟ ਕੇ 57.9 ਫ਼ੀਸਦੀ 'ਤੇ ਆ ਗਿਆ।
ਇਹ ਵੀ ਪੜ੍ਹੋ: ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਸੋਨਾ, ਦੇਖੋ ਨਵੇਂ ਭਾਅ