ਸੈਂਸੈਕਸ 'ਚ 300 ਤੋਂ ਵੱਧ ਅੰਕ ਦਾ ਉਛਾਲ, ਨਿਫਟੀ 15,000 ਤੋਂ ਪਾਰ ਖੁੱਲ੍ਹਾ
Monday, Mar 08, 2021 - 09:20 AM (IST)
ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਅਤੇ ਕੱਚੇ ਤੇਲ ਵਿਚ ਉਬਾਲ ਵਿਚਕਾਰ ਸੋਮਵਾਰ ਨੂੰ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 325.17 ਅੰਕ ਯਾਨੀ 0.65 ਫ਼ੀਸਦੀ ਦੀ ਤੇਜ਼ੀ ਨਾਲ 50,730.49 ਦੇ ਪੱਧਰ ਅਤੇ ਐੱਨ. ਐੱਸ. ਈ. ਦਾ ਨਿਫਟੀ 86.40 ਅੰਕ ਯਾਨੀ 0.58 ਫ਼ੀਸਦੀ ਦੇ ਉਛਾਲ ਨਾਲ 15,024.50 ਦੇ ਪੱਧਰ 'ਤੇ ਖੁੱਲ੍ਹਾ ਹੈ। ਓਪੇਕ ਪਲੱਸ ਵੱਲੋਂ ਫਿਲਹਾਲ ਕੱਚੇ ਤੇਲ ਦੀ ਸਪਲਾਈ ਨਾ ਵਧਾਉਣ ਦੇ ਫ਼ੈਸਲੇ ਨਾਲ ਗਲੋਬਲ ਬੈਂਚਮਾਰਕ ਬ੍ਰੈਂਟ 70 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ।
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਹਨ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.2 ਫ਼ੀਸਦੀ ਦੀ ਗਿਰਾਵਟ ਵਿਚ, ਹਾਂਗਕਾਂਗ ਦਾ ਹੈਂਗਸੈਂਗ 0.9 ਫ਼ੀਸਦੀ ਦੀ ਗਿਰਾਵਟ ਤੇ ਦੱਖਣੀ ਕੋਰੀਆ ਦਾ ਕੋਸਪੀ 0.1 ਫ਼ੀਸਦੀ ਦੀ ਗਿਰਾਵਟ ਵਿਚ ਕਾਰੋਬਾਰ ਕਰ ਰਹੇ ਹਨ, ਜਦੋਂ ਕਿ ਜਾਪਾਨ ਦਾ ਨਿੱਕੇਈ 0.21 ਫ਼ੀਸਦੀ ਦੀ ਮਜੂਬਤੀ ਵਿਚ ਹੈ। ਹਾਲਾਂਕਿ, ਕਾਰੋਬਾਰ ਦੇ ਸ਼ੁਰੂ ਵਿਚ ਏਸ਼ੀਆਈ ਬਾਜ਼ਾਰ ਮਜਬੂਤੀ ਵਿਚ ਸਨ, ਜੋ ਹੁਣ ਬਾਅਦ ਵਿਚ ਉਤਰਾਅ-ਚੜ੍ਹਾਅ ਵਿਚ ਕਾਰੋਬਾਰ ਕਰ ਰਹੇ ਹਨ।
ਈਜ਼ੀ ਟ੍ਰਿਪ ਪਲੈਨਰਜ਼ IPO
ਬਾਜ਼ਾਰ ਵਿਚ ਦਸਤਕ ਦੇਣ ਲਈ ਆਨਲਾਈਨ ਟ੍ਰੈਵਲ ਕੰਪਨੀ ਈਜ਼ੀ ਟ੍ਰਿਪ ਪਲੈਨਰਜ਼ ਵੀ ਤਿਆਰ ਹੈ। ਇਸ ਦਾ ਆਈ. ਪੀ. ਓ. ਅੱਜ ਖੁੱਲ੍ਹ ਰਿਹਾ ਹੈ। ਕੰਪਨੀ ਦੇ ਪ੍ਰਮੋਟਰ ਆਈ. ਪੀ. ਓ. ਤਹਿਤ ਨਿਸ਼ਾਂਤ ਪਿੱਟੀ ਤੇ ਰਿਕਾਂਤ ਪਿੱਟੀ ਦੋਵੇਂ 255-255 ਕਰੋੜ ਰੁਪਏ ਦੇ ਸ਼ੇਅਰ ਵੇਚਣਗੇ। ਇਹ ਆਈ. ਪੀ. ਓ. 10 ਮਾਰਚ ਨੂੰ ਬੰਦ ਹੋਵੇਗਾ। ਨਿਵੇਸ਼ਕ ਘੱਟੋ-ਘੱਟ 80 ਇਕੁਇਟੀ ਸ਼ੇਅਰਾਂ ਲਈ ਬੋਲੀ ਲਾ ਸਕਦੇ ਹਨ। ਇਸ ਦੀ ਸਟਾਕ ਮਾਰਕੀਟ ਵਿਚ ਲਿਸਟਿੰਗ 19 ਮਾਰਚ ਨੂੰ ਹੋ ਸਕਦੀ ਹੈ।