ਸ਼ੇਅਰ ਬਾਜ਼ਾਰ : ਸੈਂਸੈਕਸ 'ਚ 215 ਅੰਕਾਂ ਦਾ ਵਾਧਾ ਤੇ ਨਿਫਟੀ ਵੀ 17,469 ਦੇ ਪੱਧਰ 'ਤੇ ਖੁੱਲ੍ਹਿਆ
Friday, Dec 03, 2021 - 10:04 AM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਬਾਜ਼ਾਰ ਨੇ ਹਰੇ ਨਿਸ਼ਾਨ 'ਤੇ ਕਾਰੋਬਾਰ ਸ਼ੁਰੂ ਕੀਤਾ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁੱਕਰਵਾਰ ਨੂੰ 215.12 ਅੰਕ ਜਾਂ 0.37 ਫੀਸਦੀ ਦੇ ਵਾਧੇ ਨਾਲ 58,676.41 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਨਿਫਟੀ 68 ਅੰਕ ਜਾਂ 0.39 ਫੀਸਦੀ ਦੇ ਵਾਧੇ ਨਾਲ 17,469.65 'ਤੇ ਕਾਰੋਬਾਰ ਸ਼ੁਰੂ ਕੀਤਾ ਹੈ। ਲਾਰਸਨ ਐਂਡ ਟਰੂਬੋ ਦੇ ਸ਼ੇਅਰਾਂ ਵਿੱਚ ਸ਼ੁਰੂਆਤੀ ਵਪਾਰ ਵਿੱਚ ਚੰਗਾ ਲਾਭ ਦੇਖਣ ਨੂੰ ਮਿਲਿਆ। ਕੰਪਨੀ ਦੇ ਸ਼ੇਅਰ 2.95 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਸਭ ਤੋਂ ਵੱਡੀ ਗਿਰਾਵਟ ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ ਨਜ਼ਰ ਆ ਰਹੀ ਹੈ । ਇਸ 'ਚ 1.01 ਫ਼ੀਸਦੀ ਦੀ ਗਿਰਾਵਟ ਨਜ਼ਰ ਆ ਰਹੀ ਹੈ।
ਸੈਂਸੈਕਸ ਦੇ 30 ਸਟਾਕਾਂ 'ਚੋਂ 13 ਸਟਾਕ ਗਿਰਾਵਟ 'ਚ ਹਨ, ਜਦਕਿ 17 ਸ਼ੇਅਰਾਂ 'ਚ ਤੇਜ਼ੀ ਹੈ। ਇੰਫੋਸਿਸ 1.49, ਐਕਸਿਸ ਬੈਂਕ 1.38, NTPC ਅਤੇ ICICI ਬੈਂਕ 1-1% ਵਧ ਕੇ ਕਾਰੋਬਾਰ ਕਰ ਰਹੇ ਹਨ।
ਮਾਰੂਤੀ ਦਾ ਸਟਾਕ ਡਿੱਗਿਆ
ਮੁੱਖ ਗਿਰਾਵਟ ਵਾਲੇ ਸਟਾਕਾਂ ਵਿੱਚੋਂ, ਮਾਰੂਤੀ ਅੱਜ 1% ਡਿੱਗ ਗਈ ਹੈ। ਏਅਰਟੈੱਲ, ਏਸ਼ੀਅਨ ਪੇਂਟਸ ਅਤੇ ਡਾ. ਰੈੱਡੀ ਦੇ ਸ਼ੇਅਰ ਲਗਭਗ 1% ਹੇਠਾਂ ਕਾਰੋਬਾਰ ਕਰ ਰਹੇ ਹਨ। ਰਿਲਾਇੰਸ ਇੰਡਸਟਰੀਜ਼ ਦੇ ਸਟਾਕ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 263.64 ਲੱਖ ਕਰੋੜ ਰੁਪਏ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 66 ਅੰਕਾਂ ਦੇ ਵਾਧੇ ਨਾਲ 17,468 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਨੇ ਦਿਨ ਦੇ ਦੌਰਾਨ 17,498 ਦੇ ਉੱਪਰਲੇ ਪੱਧਰ ਅਤੇ 17,415 ਦੇ ਹੇਠਲੇ ਪੱਧਰ ਨੂੰ ਬਣਾਇਆ।
ਪਿਛਲੇ ਕਾਰੋਬਾਰੀ ਦਿਨ ਦਾ ਹਾਲ
ਵੀਰਵਾਰ ਨੂੰ ਭਾਵ ਕੱਲ੍ਹ ਸੈਂਸੈਕਸ-ਨਿਫਟੀ ਦੋਵੇਂ ਤੇਜ਼ੀ ਨਾਲ ਬੰਦ ਹੋਏ। 776.50 ਅੰਕ ਜਾਂ 1.35 ਫੀਸਦੀ ਦੇ ਵਾਧੇ ਨਾਲ ਬੀ.ਐੱਸ.ਈ. ਦਾ ਸੈਂਸੈਕਸ ਫਿਰ 58 ਹਜ਼ਾਰ ਨੂੰ ਪਾਰ ਕਰਕੇ 58,461.29 'ਤੇ ਬੰਦ ਹੋਇਆ। ਜਦਕਿ NSE ਦਾ ਨਿਫਟੀ 234.75 ਅੰਕ ਜਾਂ 1.37 ਫੀਸਦੀ ਦੇ ਵਾਧੇ ਨਾਲ 17,401.65 'ਤੇ ਬੰਦ ਹੋਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।