ਬਾਜ਼ਾਰ: ਸਰਹੱਦ 'ਤੇ ਤਣਾਅ ਦੀ ਖ਼ਬਰ ਨਾਲ ਸੈਂਸੈਕਸ 1,200 ਅੰਕ ਡਿੱਗਾ

Monday, Aug 31, 2020 - 02:35 PM (IST)

ਮੁੰਬਈ— ਸਰਹੱਦ 'ਤੇ ਚੀਨ ਨਾਲ ਤਣਾਅ ਦੀਆਂ ਖ਼ਬਰਾਂ ਪਿੱਛੋਂ ਬਾਜ਼ਾਰ ਸਵੇਰ ਦੀ ਚੰਗੀ ਤੇਜ਼ੀ ਤੋਂ ਬਾਅਦ ਲਾਲ ਨਿਸ਼ਾਨ 'ਤੇ ਆ ਗਏ ਹਨ। ਬੀ. ਐੱਸ. ਈ. ਸੈਂਸੈਕਸ ਕਾਰੋਬਾਰ ਦੌਰਾਨ ਹੁਣ ਤੱਕ ਦਿਨ ਦੇ ਉੱਚੇ ਪੱਧਰ ਤੋਂ 1,200 ਅੰਕ ਦੀ ਵੱਡੀ ਗਿਰਾਵਟ ਦਰਜ ਕਰ ਚੁੱਕਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਸੈਂਸੈਕਸ 40,000 ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਸੈਂਸੈਕਸ ਤੇ ਨਿਫਟੀ ਦੋਵੇਂ ਮੌਜੂਦਾ ਸਮੇਂ ਲਾਲ ਨਿਸ਼ਾਨ 'ਤੇ ਹਨ। ਹਾਲਾਂਕਿ, ਬੀ. ਐੱਸ. ਆਈ. ਦੇ 30 ਸ਼ੇਅਰਾਂ ਵਾਲੇ ਪ੍ਰਮੁੱਖ ਸੂਚਕ ਸੈਂਸੈਕਸ 'ਚ ਥੋੜ੍ਹਾ ਸੁਧਾਰ ਦਿਸ ਰਿਹਾ ਹੈ ਅਤੇ ਦੁਪਹਿਰ ਬਾਅਦ 620 ਅੰਕ ਦੀ ਗਿਰਾਵਟ ਨਾਲ 38,846.92 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ 198 ਅੰਕ ਯਾਨੀ 1.71 ਫੀਸਦੀ ਡਿੱਗ ਕੇ 11,452 ਦੇ ਪੱਧਰ ਦੇ ਆਸਪਾਸ ਹੈ।

ਰਿਪੋਰਟਾਂ ਦਾ ਕਹਿਣਾ ਹੈ ਕਿ 29-30 ਵਿਚਕਾਰ ਦੀ ਰਾਤ ਪੂਰਬੀ ਲੱਦਾਖ 'ਚ ਪੇਂਗੋਗ ਝੀਲ ਇਲਾਕੇ 'ਚ ਫਿਰ ਝੜਪ ਹੋਈ ਹੈ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਚੀਨੀ ਫੌਜੀਆਂ ਨੂੰ ਖਦੇੜ ਦਿੱਤਾ। ਭੂ-ਰਾਜਨੀਤਕ ਚਿੰਤਾਵਾਂ ਕਾਰਨ ਬਾਜ਼ਾਰ 'ਚ ਵਿਕਵਾਲੀ ਦਿਸੀ। ਗੌਰਤਲਬ ਹੈ ਕਿ ਸੈਂਸੈਕਸ ਸਵੇਰੇ 39,888 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੌਰਾਨ 40,010 ਦੇ ਪੱਧਰ ਤੱਕ ਪਹੁੰਚ ਗਿਆ ਸੀ। ਇਸ ਦੌਰਾਨ ਬੈਂਕਿੰਗ ਸਟਾਕਸ 'ਚ ਚੰਗੀ ਬੜ੍ਹਤ ਸੀ। ਇੰਡਸਇੰਡ ਬੈਂਕ, ਐੱਸ. ਬੀ. ਆਈ. ਸਟਾਕਸ 3 ਫੀਸਦੀ ਦੀ ਤੇਜ਼ੀ ਨਾਲ ਭੱਜ ਰਹੇ ਸਨ। ਦੁਪਹਿਰ ਸਮੇਂ ਓ. ਐੱਨ. ਜੀ. ਸੀ., ਐੱਚ. ਡੀ. ਐੱਫ. ਸੀ. ਬੈਂਕ, ਟੀ. ਸੀ. ਐੱਸ., ਆਈਡੀਆ ਅਤੇ ਇੰਫਰਾਟੈੱਲ ਦੇ ਨਾਲ ਇਨਫੋਸਿਸ ਵਰਗੇ ਸ਼ੇਅਰਾਂ 'ਚ ਬੜ੍ਹਤ ਜਾਰੀ ਸੀ।
 


Sanjeev

Content Editor

Related News