ਸ਼ੇਅਰ ਬਜ਼ਾਰ 'ਚ ਵਾਧਾ, 167 ਅੰਕ ਦੇ ਵਾਧੇ ਨਾਲ ਖੁੱਲ੍ਹਿਆ ਸੈਂਸੈਕਸ

Wednesday, Feb 05, 2020 - 11:10 AM (IST)

ਸ਼ੇਅਰ ਬਜ਼ਾਰ 'ਚ ਵਾਧਾ, 167 ਅੰਕ ਦੇ ਵਾਧੇ ਨਾਲ ਖੁੱਲ੍ਹਿਆ ਸੈਂਸੈਕਸ

ਮੁੰਬਈ — ਬਜਟ ਦੇ ਬਾਅਦ ਲਗਾਤਾਰ ਸ਼ੇਅਰ ਬਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਾਰੋਬਾਰੀ ਹਫਤੇ ਦੇ ਤੀਜੇ ਦਿਨ ਯਾਨੀ ਕਿ ਬੁੱਧਵਾਰ ਨੂੰ ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 167.20 ਅੰਕ ਯਾਨੀ ਕਿ 0.43 ਫੀਸਦੀ ਦੀ ਤੇਜ਼ੀ ਨਾਲ 40949.09 ਅੰਕ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 55.30 ਅੰਕ ਯਾਨੀ ਕਿ 0.46 ਫੀਸਦੀ ਦੇ ਵਾਧੇ ਨਾਲ 12035.85 ਅੰਕ 'ਤੇ ਪਹੁੰਚ ਗਿਆ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੈਂਸੈਕਸ 917 ਅੰਕ ਦੀ ਲੰਮੀ ਛਲਾਂਗ ਲਗਾ ਕੇ ਆਪਣੇ ਬਜਟ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਿਆ। ਨਿਵੇਸ਼ਕਾਂ ਵਲੋਂ ਕੀਤੀ ਖਰੀਦਦਾਰੀ ਕਾਰਨ ਬਜ਼ਾਰ 'ਚ ਜ਼ੋਰਦਾਰ ਉਛਾਲ ਆਇਆ ਹੈ। ਇਹ ਚਾਰ ਮਹੀਨੇ 'ਚ ਸੈਂਸੈਕਸ ਦਾ ਇਕ ਦਿਨ ਦਾ ਸਭ ਤੋਂ ਵੱਡਾ ਵਾਧਾ ਹੈ। ਸੈਂਸੈਕਸ 917.07 ਅੰਕ ਯਾਨੀ ਕਿ 2.30 ਫੀਸਦੀ ਦੀ ਛਲਾਂਗ ਲਗਾ ਕੇ 40,789.38 ਅੰਕ 'ਤੇ ਪਹੁੰਚ ਗਿਆ ਅਤੇ ਨਿਫਟੀ 271.75 ਅੰਕ ਯਾਨੀ ਕਿ 2.32 ਫੀਸਦੀ ਦੇ ਵਾਧੇ ਨਾਲ 11,979.65 ਅੰਕ 'ਤੇ ਪਹੁੰਚ ਗਿਆ ਸੀ। ਇਹ ਕਰੀਬ ਚਾਰ ਮਹੀਨੇ 'ਚ ਨਿਫਟੀ 'ਚ ਇਕ ਦਿਨ ਦਾ ਸਭ ਤੋਂ ਵੱਡਾ ਵਾਧਾ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਾਣਲੇਵਾ ਕੋਰੋਨਾ ਵਾਇਰਸ ਨੂੰ ਕਾਬੂ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਅਤੇ ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਨਿਵੇਸ਼ਕਾਂ ਦੀ ਧਾਰਨਾਂ 'ਚ ਸੁਧਾਰ ਹੋਇਆ ਹੈ। ਏਸ਼ੀਆਈ ਬਜ਼ਾਰਾਂ 'ਚ ਚੀਨ ਦਾ ਸ਼ੰਘਾਈ, ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿਕਕਈ ਅਤੇ ਦੱਖਣੀ ਕੋਰਿਆ ਦਾ ਕੋਪਸੀ ਲਾਭ 'ਚ ਰਹੇ। ਸ਼ੁਰੂਆਤੀ ਕਾਰੋਬਾਰ 'ਚ ਯੂਰਪੀ ਬਜ਼ਾਰ ਵੀ ਲਾਭ 'ਚ ਰਹੇ। ਬ੍ਰੇਂਟ ਕੱਚਾ ਤੇਲ ਵਾਇਦਾ 0.96 ਫੀਸਦੀ ਦੇ ਵਾਧੇ ਨਾਲ 54.97 ਡਾਲਰ ਪ੍ਰਤੀ ਬੈਰਲ ਸੀ।


Related News