ਅਮਰੀਕਾ-ਈਰਾਨ ਦੇ ਵਿਚਕਾਰ ਸ਼ਾਂਤੀ ਦਾ ਅਸਰ, 634 ਅੰਕ ਚੜ੍ਹਿਆ ਸੈਂਸੈਕਸ

Thursday, Jan 09, 2020 - 03:48 PM (IST)

ਅਮਰੀਕਾ-ਈਰਾਨ ਦੇ ਵਿਚਕਾਰ ਸ਼ਾਂਤੀ ਦਾ ਅਸਰ, 634 ਅੰਕ ਚੜ੍ਹਿਆ ਸੈਂਸੈਕਸ

ਨਵੀਂ ਦਿੱਲੀ—ਈਰਾਨ ਦੇ ਸਾਹਮਣੇ ਅਮਰੀਕਾ ਦੇ ਸ਼ਾਂਤੀ ਪ੍ਰਸਤਾਵ ਦੇ ਬਾਅਦ ਸੰਸਾਰਕ ਬਾਜ਼ਾਰਾਂ 'ਚ ਸੁਧਾਰ ਦੇਖਿਆ ਗਿਆ ਹੈ। ਇਸ ਨੂੰ ਪੱਛਮੀ ਏਸ਼ੀਆ 'ਚ ਤਣਾਅ ਘੱਟ ਕਰਨ ਲਈ ਮੁੱਖ ਮੰਨਿਆ ਜਾ ਰਿਹਾ ਹੈ। ਇਸ ਦੇ ਚੱਲਦੇ ਬੀ.ਐੱਸ.ਈ. ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 530 ਅੰਕ ਤੋਂ ਜ਼ਿਆਦਾ ਵਧ ਗਿਆ। ਬੰਬਈ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰੀ 'ਚ 531.11 ਅੰਕ ਭਾਵ 1.30 ਫੀਸਦੀ ਵਧ ਕੇ 41,348.85 ਅੰਕ 'ਤੇ ਪਹੁੰਚ ਗਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 158.70 ਅੰਕ ਭਾਵ 1.32 ਫੀਸਦੀ ਚੜ੍ਹ ਕੇ 12,184.05 ਅੰਕ 'ਤੇ ਪਹੁੰਚ ਗਿਆ ਹੈ।
ਸੈਂਸੈਕਸ ਦੀਆਂ ਕੰਪਨੀਆਂ 'ਚ ਭਾਰਤੀ ਸਟੇਟ ਬੈਂਕ 'ਚ ਸਭ ਤੋਂ ਜ਼ਿਆਦਾ 2.19 ਫੀਸਦੀ ਤੱਕ ਤੇਜ਼ੀ ਆਈ। ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਟਾਟਾ ਸਟੀਲ, ਆਈ.ਸੀ.ਆਈ.ਸੀ.ਆਈ. ਬੈਂਕ, ਐੱਲ ਐਂਡ ਟੀ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਡੀ.ਐੱਫ.ਸੀ. ਦੇ ਸ਼ੇਅਰ ਵੀ ਲਾਭ 'ਚ ਰਹੇ। ਦੂਜੇ ਪਾਸੇ ਟੀ.ਸੀ.ਐੱਸ., ਐੱਚ.ਸੀ.ਐੱਲ.ਟੈੱਕ ਅਤੇ ਟੈੱਕ ਮਹਿੰਦਰਾ ਦੇ ਸੇਅਰਾਂ 'ਚ ਗਿਰਾਵਟ ਆਈ।
ਕਾਰੋਬਾਰੀਆਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਈਰਾਨ ਅਗਵਾਈ ਨੂੰ ਸ਼ਾਂਤੀ ਦੀ ਪੇਸ਼ਕਸ਼ ਕਰਨ ਦੇ ਬਾਅਦ ਸੰਸਾਰਕ ਸ਼ੇਅਰ ਬਾਜ਼ਾਰਾਂ 'ਚ ਸੁਧਾਰ ਦੇਖਿਆ ਗਿਆ। ਇਸ ਦੇ ਚੱਲਦੇ ਘਰੇਲੂ ਨਿਵੇਸ਼ਕਾਂ ਦਾ ਰੁਖ ਵੀ ਹਾਂ-ਪੱਖੀ ਰਿਹਾ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ 'ਚ ਅਮਰੀਕੀ ਠਿਕਾਣਿਆ 'ਤੇ ਈਰਾਨ ਦੇ ਹਮਲੇ 'ਚ ਕਿਸੇ ਵੀ ਅਮਰੀਕੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਟਰੰਪ ਨੇ ਨਾਲ ਹੀ ਈਰਾਨੀ ਅਗਵਾਈ ਦੇ ਸਾਹਮਣੇ ਸ਼ਾਂਤੀ ਦੀ ਪੇਸ਼ਕਸ਼ ਕੀਤੀ ਹੈ। ਸ਼ੰਘਾਈ, ਹਾਂਗਕਾਂਗ, ਤੋਕੀਓ ਅਤੇ ਸਿਓਲ ਦੇ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਦੋ ਫੀਸਦੀ ਤੱਕ ਦੀ ਤੇਜ਼ੀ ਦਰਜ ਕੀਤੀ ਗਈ ਹੈ।


author

Aarti dhillon

Content Editor

Related News