ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 98 ਅੰਕ ਟੁੱਟਿਆ

09/26/2023 10:39:43 AM

ਮੁੰਬਈ (ਭਾਸ਼ਾ) - ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸਥਾਨਕ ਸ਼ੇਅਰ ਬਾਜ਼ਾਰ ਡਿੱਗ ਗਏ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 98.14 ਅੰਕ ਡਿੱਗ ਕੇ 65,925.55 ਅੰਕ 'ਤੇ ਆ ਗਿਆ। NSE ਨਿਫਟੀ 18.75 ਅੰਕਾਂ ਦੇ ਨੁਕਸਾਨ ਨਾਲ 19,655.80 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ 'ਚ ਏਸ਼ੀਅਨ ਪੇਂਟਸ, ਕੋਟਕ ਮਹਿੰਦਰਾ ਬੈਂਕ, ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ ਅਤੇ ਐਕਸਿਸ ਬੈਂਕ ਦੇ ਸ਼ੇਅਰ ਘਾਟੇ 'ਚ ਰਹੇ। 

ਦੂਜੇ ਪਾਸੇ ਟਾਟਾ ਸਟੀਲ, ਅਲਟਰਾਟੈੱਕ ਸੀਮੈਂਟ, ਐੱਲਐਂਡਟੀ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਗਿਰਾਵਟ 'ਚ ਰਿਹਾ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.45 ਫ਼ੀਸਦੀ ਡਿੱਗ ਕੇ 92.87 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 2,333.03 ਕਰੋੜ ਰੁਪਏ ਦੇ ਸ਼ੇਅਰ ਵੇਚੇ।


Rahul Singh

Content Editor

Related News