ਬਾਜ਼ਾਰ ਧੜੰਮ, ਸੈਂਸੈਕਸ 470 ਅੰਕ ਦੀ ਗਿਰਾਵਟ ਨਾਲ 48,700 ਤੋਂ ਥੱਲ੍ਹੇ ਬੰਦ

05/12/2021 3:33:44 PM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਅਤੇ ਬੈਂਕ ਤੇ ਮੈਟਲ ਸਟਾਕਸ ਵਿਚ ਵਿਕਵਾਲੀ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਰਹੇ। ਬੀ. ਐੱਸ. ਈ. ਸੈਂਸੈਕਸ 471.01 ਅੰਕ ਯਾਨੀ 0.96 ਫ਼ੀਸਦੀ ਦਾ ਗੋਤਾ ਲਾ ਕੇ 48,690.80 ਦੇ ਪੱਧਰ 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 151.10 ਅੰਕ ਯਾਨੀ 1.02 ਫ਼ੀਸਦੀ ਦੀ ਗਿਰਾਵਟ ਨਾਲ 14,699.65 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਭਲਕੇ ਯਾਨੀ 13 ਮਈ ਨੂੰ ਈਦ-ਉਲ-ਫਿਤਰ ਦੇ ਮੌਕੇ ਬਾਜ਼ਾਰ ਵਿਚ ਛੁੱਟੀ ਰਹੇਗੀ।

ਸਰਕਾਰ ਸਟੀਲ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਰਾਮਦ ਡਿਊਟੀ ਵਿਚ ਇਕ ਹੋਰ ਕਟੌਤੀ ਕਰਨ ਲਈ ਤਿਆਰ ਹੈ। ਇਸ ਖ਼ਬਰ ਮਗਰੋਂ ਸਟੀਲ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਮੈਟਲ ਇੰਡੈਕਸ 2.97 ਫ਼ੀਸਦੀ ਡਿੱਗ ਕੇ 5,290.45 'ਤੇ ਆ ਗਿਆ। ਸੇਲ ਵਿਚ 5.56 ਫ਼ੀਸਦੀ ਦੀ ਗਿਰਾਵਟ ਦਰਜ ਹੋਈ ਅਤੇ ਇਹ 132.60 ਰੁਪਏ 'ਤੇ ਬੰਦ ਹੋਇਆ, ਟਾਟਾ ਸਟੀਲ ਨੇ 4.77 ਫ਼ੀਸਦੀ ਡਿੱਗ ਕੇ 1,175 ਰੁਪਏ 'ਤੇ ਸਮਾਪਤੀ ਕੀਤੀ ਹੈ।

ਸੈਂਸੈਕਸ, ਨਿਫਟੀ 'ਚ ਟਾਪ ਸਟਾਕਸ-
ਸੈਂਸੈਕਸ ਤੇ ਨਿਫਟੀ ਦੋਹਾਂ ਵਿਚ ਅੱਜ ਟਾਪ ਲੂਜ਼ਰ ਵੀ ਟਾਟਾ ਸਟੀਲ ਰਿਹਾ। ਇਸ ਤੋਂ ਇਲਾਵਾ 3.31 ਫ਼ੀਸਦੀ ਦੀ ਤੇਜ਼ੀ ਨਾਲ ਟਾਟਾ ਮੋਟਰਜ਼ ਨਿਫਟੀ ਵਿਚ ਅਤੇ 1.31 ਫ਼ੀਸਦੀ ਦੀ ਬੜ੍ਹਤ ਨਾਲ ਟਾਈਟਨ ਸੈਂਸੈਕਸ ਵਿਚ ਟਾਪ ਗੇਨਰ ਰਿਹਾ। ਬੀ. ਐੱਸ. ਈ. 30 ਦੇ 23 ਸਟਾਕਸ ਵਿਚ ਗਿਰਾਵਟ ਦਰਜ ਹੋਈ। ਮਾਰੂਤੀ, ਪਾਵਰ ਗ੍ਰਿਡ, ਐੱਸ. ਬੀ. ਆਈ., ਐੱਨ. ਟੀ. ਪੀ. ਸੀ., ਡਾ. ਰੈੱਡੀਜ਼ ਅਤੇ ਐੱਲ. ਐਂਡ ਟੀ ਹਲਕੀ ਤੇਜ਼ੀ ਵਿਚ ਬੰਦ ਹੋਏ।

PunjabKesari

ਮਿਡਕੈਪ ਸਟਾਕਸ ਵਿਚ ਖ਼ਰੀਦਦਾਰੀ
ਬੀ. ਐੱਸ. ਈ. ਮਿਡ, ਸਮਾਲ ਤੇ ਲਾਰਜਕੈਪ ਇੰਡੈਕਸ ਗਿਰਾਵਟ ਵਿਚ ਬੰਦ ਹੋਏ ਹਨ। ਹਾਲਾਂਕਿ, ਬਾਜ਼ਾਰ ਵਿਚ ਗਿਰਾਵਟ ਵਿਚਕਾਰ ਮਿਡਕੈਪ ਵਿਚ ਜ਼ਿਆਦਾ ਖ਼ਰੀਦਦਾਰੀ ਦੇਖਣ ਨੂੰ ਮਿਲੀ। ਮਿਡਕੈਪ ਵਿਚ ਗੋਦਰੇਜ ਇੰਡਸਟਰੀਜ਼ ਵਿਚ ਸਭ ਤੋਂ ਵੱਧ 9.3 ਫ਼ੀਸਦੀ ਦੀ ਤੇਜ਼ੀ ਦਰਜ ਹੋਈ। ਸੈਂਟਰਲ ਬੈਂਕ, ਯੂਨੀਅਨ ਬੈਂਕ, ਬੈਂਕ ਆਫ਼ ਇੰਡੀਆ, ਪੀ. ਐੱਨ. ਬੀ. ਹਾਊਸਿੰਗ, ਇੰਡੀਅਨ ਬੈਂਕ, ਕੇਨਰਾ ਬੈਂਕ ਵੀ ਤੇਜ਼ੀ ਨਾਲ ਬੰਦ ਹੋਏ। ਉੱਥੇ ਹੀ, ਐੱਨ. ਐੱਸ. ਈ. ਦੇ ਸੈਕਟਰਲ ਇੰਡੈਕਸ ਵਿਚ ਨਿਫਟੀ ਆਟੋ, ਮੀਡੀਆ ਅਤੇ ਪੀ. ਐੱਸ. ਯੂ. ਬੈਂਕ ਹਰੇ ਨਿਸ਼ਾਨ 'ਤੇ ਬੰਦ ਹੋਏ, ਬਾਕੀ ਵਿਚ ਗਿਰਾਵਟ ਰਹੀ। ਨਿਫਟੀ ਫਾਰਮਾ 6 ਸਟਾਕਸ ਵਿਚ ਤੇਜ਼ੀ ਤੇ 4 ਵਿਚ ਗਿਰਾਵਟ ਨਾਲ ਲਗਭਗ ਸਥਿਰ ਬੰਦ ਹੋਇਆ ਹੈ। ਫਾਰਮਾ ਵਿਚ ਕੈਡਿਲਾ, ਲੂਪਿਨ, ਸਿਪਲਾ, ਟੈਰੋਂਟ, ਡਾ. ਰੈੱਡੀਜ਼ ਅਤੇ ਡਿਵਿਸ ਵਿਚ 3.18-0.06 ਫ਼ੀਸਦੀ ਵਿਚਕਾਰ ਤੇਜ਼ੀ ਦਰਜ ਹੋਈ।


Sanjeev

Content Editor

Related News