ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 158 ਅੰਕ ਹੇਠਾਂ ਡਿੱਗਿਆ, ਨਿਫਟੀ ''ਚ 34.15 ਅੰਕਾਂ ਦੀ ਗਿਰਾਵਟ
Thursday, Jun 15, 2023 - 10:37 AM (IST)
ਮੁੰਬਈ (ਭਾਸ਼ਾ) - ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਮੁੱਖ ਵਿਆਜ ਦਰਾਂ ਨੂੰ ਫਿਲਹਾਲ ਕੋਈ ਬਦਲਾਅ ਨਾ ਕੀਤੇ ਜਾਣ ਅਤੇ ਅੱਗੇ ਤੋਂ ਹਮਲਾਵਰ ਰੁਖ ਅਪਣਾਉਣ ਦਾ ਸੰਕੇਤ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਸਥਾਨਕ ਸਟਾਕ ਬਾਜ਼ਾਰਾਂ ਵਿੱਚ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 158.16 ਅੰਕ ਡਿੱਗ ਕੇ 63,070.35 'ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 34.15 ਅੰਕਾਂ ਦੀ ਗਿਰਾਵਟ ਨਾਲ 18,721.75 'ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੀਆਂ ਕੰਪਨੀਆਂ ਵਿੱਚ ਇੰਡਸਇੰਡ ਬੈਂਕ, ਇਨਫੋਸਿਸ, ਟੀਸੀਐਸ, ਰਿਲਾਇੰਸ ਇੰਡਸਟਰੀਜ਼, ਐੱਨਟੀਪੀਸੀ, ਬਜਾਜ ਫਿਨਸਰਵ, ਐਕਸਿਸ ਬੈਂਕ, ਪਾਵਰ ਗਰਿੱਡ, ਟਾਟਾ ਸਟੀਲ ਅਤੇ ਭਾਰਤੀ ਸਟੇਟ ਬੈਂਕ ਘਾਟੇ ਵਿੱਚ ਸਨ। ਦੂਜੇ ਪਾਸੇ ਮਾਰੂਤੀ, ਐੱਚਸੀਐੱਲ ਟੈਕ, ਸਨ ਫਾਰਮਾ, ਨੇਸਲੇ ਅਤੇ ਅਲਟਰਾਟੈੱਕ ਸੀਮੇਂਟ ਦੇ ਸ਼ੇਅਰ ਵਾਧੇ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਨੁਕਸਾਨ ਵਿੱਚ ਕਾਰੋਬਾਰ ਕਰ ਰਿਹਾ ਸੀ। ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਮੁਨਾਫੇ 'ਚ ਰਿਹਾ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਰੁਝਾਨ ਨਾਲ ਬੰਦ ਹੋਇਆ ਸੀ। ਅਮਰੀਕੀ ਕੇਂਦਰੀ ਬੈਂਕ ਨੇ ਮੁੱਖ ਵਿਆਜ ਦਰ ਨੂੰ 5.1 ਫ਼ੀਸਦੀ 'ਤੇ ਬਰਕਰਾਰ ਰੱਖਿਆ। ਹਾਲਾਂਕਿ ਇਸ ਦੇ ਨਾਲ ਹੀ ਇਸ ਸਾਲ ਦੋ ਵਾਰ ਵਿਆਜ ਦਰ 'ਚ ਅੱਧਾ ਫ਼ੀਸਦੀ ਵਾਧਾ ਕਰਨ ਦਾ ਸੰਕੇਤ ਦਿੱਤਾ ਹੈ।