ਸੈਂਸੈਕਸ 'ਚ ਜ਼ੋਰਦਾਰ ਗਿਰਾਵਟ, 1000 ਅੰਕ ਡਿੱਗ ਕੇ 50,000 ਤੋਂ ਥੱਲ੍ਹੇ ਖੁੱਲ੍ਹਾ

Friday, Feb 26, 2021 - 09:25 AM (IST)

ਮੁੰਬਈ- ਬਾਂਡ ਯੀਲਡ ਵਧਣ ਕਾਰਨ ਗਲੋਬਲ ਬਾਜ਼ਾਰਾਂ ਵਿਚ ਮਚੀ ਹਾਹਾਕਾਰ ਵਿਚਕਾਰ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਸੈਂਸੈਕਸ 1039.49 ਅੰਕ ਯਾਨੀ 2.04 ਫ਼ੀਸਦੀ ਦੀ ਜ਼ੋਰਦਾਰ ਗਿਰਾਵਟ ਨਾਲ 49,999.82 'ਤੇ ਅਤੇ ਨਿਫਟੀ 308 ਅੰਕ ਯਾਨੀ 2.05 ਫ਼ੀਸਦੀ ਡਿੱਗ ਕੇ 14,788.45 ਦੇ ਪੱਧਰ 'ਤੇ ਖੁੱਲ੍ਹਾ ਹੈ।

ਸਾਰੇ ਸੈਕਟਰਲ ਇੰਡੈਕਸ ਗਿਰਾਵਟ ਵਿਚ ਖੁੱਲ੍ਹੇ ਹਨ। ਕਾਰੋਬਾਰ ਦੀ ਸ਼ੁਰੂਆਤ ਵਿਚ ਨਿਫਟੀ ਬੈਂਕ ਇੰਡੈਕਸ 2 ਫ਼ੀਸਦੀ ਡਿੱਗ ਕੇ 36,000 ਦੇ ਹੇਠਾਂ ਖੁੱਲ੍ਹਿਆ। ਕਾਰੋਬਾਰ ਦੇ ਸ਼ੁਰੂਆਤੀ ਮਿੰਟਾਂ ਵਿਚ ਪੀ. ਐੱਸ. ਯੂ. ਬੈਂਕ ਇੰਡੈਕਸ ਵੀ 2.5 ਫ਼ੀਸਦੀ ਤੱਕ ਡਿੱਗਾ।

ਗਲੋਬਲ ਬਾਜ਼ਾਰ-
ਬਾਂਡ ਯੀਲਡ ਵਿਚ ਤੇਜ਼ੀ ਕਾਰਨ ਅਮਰੀਕੀ ਬਾਜ਼ਾਰ ਗਿਰਾਵਟ ਵਿਚ ਬੰਦ ਹੋਏ, ਡਾਓ ਜੋਂਸ 559 ਅੰਕ ਟੁੱਟ ਕੇ 31,402 'ਤੇ ਬੰਦ ਹੋਇਆ। ਉੱਥੇ ਹੀ, ਇਸ ਦੇ ਮੱਦੇਨਜ਼ਰ ਏਸ਼ੀਆ ਦੇ ਬਾਜ਼ਾਰਾਂ ਵਿਚ ਇਹੀ ਰੁਖ਼ ਦੇਖਣ ਨੂੰ ਮਿਲ ਰਿਹਾ ਹੈ। ਨਿਵੇਸ਼ਕਾਂ ਵਿਚ ਮਹਿੰਗਾਈ ਵਧਣ ਦਾ ਡਰ ਦਿਸ ਰਿਹਾ ਹੈ।

ਲਗਭਗ ਸਾਰੇ ਗਲੋਬਲ ਬਾਜ਼ਾਰ ਲਾਲ ਨਿਸ਼ਾਨ 'ਤੇ ਹਨ। ਜਾਪਾਨ ਦਾ ਨਿੱਕੇਈ 700 ਅੰਕ ਡਿੱਗਾ, ਜਦੋਂ ਕਿ ਚੀਨ ਦਾ ਸ਼ੰਘਾਈ 66 ਅੰਕ ਦੀ ਗਿਰਾਵਟ ਨਾਲ ਅਤੇ, ਹਾਂਗਕਾਂਗ ਦਾ ਹੈਂਗਸੇਂਗ 720 ਅੰਕ ਲੁੜਕ ਕੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਇਸ ਦੌਰਾਨ 87 ਅੰਕ ਦੀ ਗਿਰਾਵਟ ਵਿਚ ਦੇਖਣ ਨੂੰ ਮਿਲਿਆ। ਪਿਛਲੇ ਕਾਰੋਬਾਰੀ ਦਿਨ ਦੌਰਾਨ ਅਮਰੀਕੀ 10 ਸਾਲਾ ਬਾਂਡ ਦੀ ਯੀਲਡ 1.6 ਫ਼ੀਸਦੀ 'ਤੇ ਪਹੁੰਚ ਗਈ ਸੀ, ਹਾਲਾਂਕਿ ਹੁਣ ਇਹ ਵਾਪਸ ਘੱਟ ਕੇ 1.5 ਫ਼ੀਸਦੀ ਤੋਂ ਹੇਠਾਂ ਆ ਗਈ ਹੈ।


Sanjeev

Content Editor

Related News