ਸੈਂਸੈਕਸ 200 ਅੰਕ ਤੋਂ ਵੱਧ ਡਿੱਗਾ, ਨਿਫਟੀ ਵੀ 10,350 ਤੋਂ ਥੱਲ੍ਹੇ ਬੰਦ

Monday, Jun 29, 2020 - 05:20 PM (IST)

ਸੈਂਸੈਕਸ 200 ਅੰਕ ਤੋਂ ਵੱਧ ਡਿੱਗਾ, ਨਿਫਟੀ ਵੀ 10,350 ਤੋਂ ਥੱਲ੍ਹੇ ਬੰਦ

ਮੁੰਬਈ : ਕੋਰੋਨਾ ਵਾਇਰਸ ਸੰਕਰਮਣ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਨਿਵੇਸ਼ਕਾਂ ਵਿਚ ਵਧਦੀ ਚਿੰਤਾ ਕਾਰਨ ਸੋਮਵਾਰ ਨੂੰ ਬਾਜ਼ਾਰ ਵਿਚ ਗਿਰਾਵਟ ਦਰਜ ਹੋਈ। ਬੈਂਕ ਤੇ ਆਈ. ਟੀ. ਕੰਪਨੀਆਂ ਦੇ ਸ਼ੇਅਰਾਂ ਵਿਚ ਵਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। 

ਸੈਂਸੈਕਸ 209.75 ਅੰਕ ਯਾਨੀ 0.60 ਫੀਸਦੀ ਦੀ ਗਿਰਾਵਟ ਨਾਲ 34,961.52 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 70.60 ਅੰਕ ਯਾਨੀ 0.68 ਫੀਸਦੀ ਦੀ ਕਮਜ਼ੋਰੀ ਨਾਲ 10,312.40 ਦੇ ਪੱਧਰ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ ਸੈਂਸੈਕਸ ਵਿਚ ਇਕ ਸਮੇਂ 509 ਅੰਕ ਤੱਕ ਦੀ ਗਿਰਾਵਟ ਦੇਖਣ ਨੂੰ ਵੀ ਮਿਲੀ। 

ਸੈਂਸੈਕਸ ਵਿਚ ਸਭ ਤੋਂ ਵੱਧ ਐਕਸਿਸ ਬੈਂਕ ਦੇ ਸ਼ੇਅਰਾਂ ਵਿਚ 5 ਫੀਸਦੀ ਦੀ ਗਿਰਾਵਟ ਦਰਜ ਹੋਈ। ਇਸ ਤੋਂ ਇਲਾਵਾ, ਟੈੱਕ ਮਹਿੰਦਰਾ, ਸਟੇਟ ਬੈਂਕ, ਐੱਲ. ਐਂਡ ਟੀ., ਇੰਡਸਇੰਡ ਬੈਂਕ, ਇਨਫੋਸਿਸ ਅਤੇ ਐੱਨ. ਟੀ. ਪੀ. ਸੀ. ਮੁੱਖ ਤੌਰ 'ਤੇ ਗਿਰਾਵਟ ਵਿਚ ਰਹੇ। ਦੂਜੇ ਪਾਸੇ, ਐੱਚ. ਡੀ. ਐੱਫ. ਸੀ. ਬੈਂਕ, ਐੱਚ. ਯੂ. ਐੱਲ., ਕੋਟਕ ਬੈਂਕ ਅਤੇ ਭਾਰਤੀ ਏਅਰਟੈੱਲ ਹਰੇ ਨਿਸ਼ਾਨ 'ਤੇ ਰਹੇ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ 5,00,000 ਪਾਰ ਕਰ ਗਈ ਹੈ। ਨਿਵੇਸ਼ਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਮਾਮਲੇ ਵਧਣ 'ਤੇ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੇ ਕੰਮ ਵਿਚ ਰੁਕਾਵਟ ਆ ਸਕਦੀ ਹੈ। ਕਾਰੋਬਾਰੀਆਂ ਮੁਤਾਬਕ, ਇਸ ਤੋਂ ਇਲਾਵਾ ਭਾਰਤ-ਚੀਨ ਸਰਹੱਦੀ ਤਣਾਅ ਅਤੇ ਅਮਰੀਕਾ-ਚੀਨ ਵਿਚਕਾਰ ਵਪਾਰ ਤਣਾਅ ਕਾਰਨ ਵੀ ਨਿਵੇਸ਼ਕ ਥੋੜ੍ਹੇ ਚਿੰਤਤ ਹਨ।


author

Sanjeev

Content Editor

Related News