ਸ਼ੇਅਰ ਬਜ਼ਾਰ 'ਚ ਭੂਚਾਲ, ਸੈਂਸੈਕਸ 1,942 ਅੰਕ ਤੇ ਨਿਫਟੀ 538 ਅੰਕ ਦੀ ਗਿਰਾਵਟ ਨਾਲ ਬੰਦ

03/09/2020 4:38:07 PM

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਬਾਜ਼ਾਰ ਆਪਣੇ ਬਹੁਤ ਹੀ ਮਾੜੇ ਸਮੇਂ 'ਚੋਂ ਲੰਘ ਰਿਹਾ ਹੈ। ਸ਼ੇਅਰ ਬਾਜ਼ਾਰ ਦਾ ਪ੍ਰਮੁੱਖ ਇੰਡੈਕਸ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 1,941.67 ਅੰਕ ਯਾਨੀ ਕਿ 5.17 ਫੀਸਦੀ ਦੀ ਗਿਰਾਵਟ ਨਾਲ 35,634.95 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 538 ਅੰਕ ਯਾਨੀ ਕਿ 4.90 ਫੀਸਦੀ ਦੀ ਗਿਰਾਵਟ ਨਾਲ 10,451.45 ਦੇ ਪੱਧਰ 'ਤੇ ਬੰਦ ਹੋਇਆ ਹੈ।

ਖਰਾਬ ਗਲੋਬਲ ਸੰਕੇਤ ਨਾਲ ਭਾਰਤੀ ਬਾਜ਼ਾਰਾਂ ਵਿਚ ਅੱਜ ਅੰਕਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਕਰੀਬ 540 ਅੰਕ ਡਿੱਗ ਕੇ ਦਸੰਬਰ 2018 ਦੇ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਵੀ ਕਰੀਬ 1950 ਅੰਕ ਟੁੱਟਿਆ ਹੈ। ਮੈਟਲ ਸ਼ੇਅਰਾਂ ਵਿਚ ਅੱਜ ਸਭ ਤੋਂ ਜ਼ਿਆਦਾ ਕਮਜ਼ੋਰੀ ਰਹੀ। ਇਸ ਦੌਰਾਨ ਕੋਰੋਨਾ ਵਾਇਰਸ ਦਾ ਮਹਾਂਮਾਰੀ ਵਧਣ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇ ਕਾਰਨ ਬਾਜ਼ਾਰ ਵਿਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ। 

ਗਲੋਬਲ ਤੇਲ ਬੈਂਚਮਾਰਕ ਬ੍ਰੇਂਟ ਕਰੂਡ ਵਾਇਦਾ ਕਰੀਬ 30 ਫੀਸਦੀ ਡਿੱਗ ਕੇ 32.11 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਆ ਗਿਆ। ਊਰਜਾ ਬਾਜ਼ਾਰ ਵਿਚ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਵਿਚਕਾਰ ਕੀਮਤਾਂ ਨੂੰ ਕਾਬੂ ਕਰਨ ਨੂੰ ਲੈ ਕੇ ਕੋਈ ਸਹਿਮਤੀ ਨਾਲ ਬਣਨ ਕਾਰਨ ਅਤੇ ਇਸ ਤੋਂ ਬਾਅਦ ਪ੍ਰਮੁੱਖ ਨਿਰਯਾਤਕ ਸਾਊਦੀ ਅਰਬ ਵਲੋਂ ਕੀਮਤ ਜੰਗ ਛੇੜ ਦੇਣ ਕਾਰਨ ਇਹ ਗਿਰਾਵਟ ਆਈ ਹੈ।
 

ਯੈੱਸ ਬੈਂਕ 'ਤੇ ਆਏ ਆਰਥਿਕ ਸੰਕਟ ਦੇ ਬਾਅਦ ਹੁਣ ਜਾਂਚ ਏਜੰਸੀਆਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਹਿਰਾਸਤ 'ਚ ਲੈ ਲਿਆ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਈ. ਡੀ. ਨੇ ਕਪੂਰ ਨੂੰ ਇਕ ਅਦਾਲਤ ਸਾਹਮਣੇ ਪੇਸ਼ ਕੀਤਾ, ਜਿਸ ਨੇ ਉਸ ਨੂੰ 11 ਮਾਰਚ ਤੱਕ ਜਾਂਚ ਏਜੰਸੀ ਦੀ ਹਿਰਾਸਤ ’ਚ ਭੇਜੇ ਜਾਣ ਦਾ ਹੁਕਮ ਦਿੱਤਾ। ਦੂਜੇ ਪਾਸੇ ਰਾਣਾ ਕਪੂਰ ਦੇ ਪਰਿਵਾਰ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅੱਜ ਦਿੱਲੀ ਤੋਂ ਜਾਂਚ ਏਜੰਸੀਆਂ ਦੀ ਟੀਮ ਮੁੰਬਈ ਜਾਵੇਗੀ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਈ.ਡੀ. ਨੇ ਐਤਵਾਰ ਰਾਤ 10 ਵਜੇ ਰਾਣਾ ਦੀ ਪਤਨੀ ਅਤੇ ਇਕ ਬੇਟੀ ਕੋਲੋਂ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ 
ਘਰ ਜਾਣ ਦਿੱਤਾ ਗਿਆ। ਦੂਜੇ ਪਾਸੇ ਸੀ.ਬੀ.ਆਈ ਨੇ ਵੀ ਐਫ.ਆਈ.ਆਰ. ਤਿਆਰ ਕੀਤੀ ਹੈ ਜਿਸ ਵਿਚ ਰਾਣਾ ਦੀ ਪਤਨੀ ਦੇ ਇਲਾਵਾ ਉਨ੍ਹਾਂ ਦੀਆਂ ਤਿੰਨਾਂ ਬੇਟੀਆਂ ਦੇ ਨਾਮ ਵੀ ਸ਼ਾਮਲ ਹਨ।

ਇਸ ਮਾਮਲੇ 'ਚ ਸੀ.ਬੀ.ਆਈ. ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਅਤੇ ਮੁੰਬਈ 'ਚ ਸੀ.ਬੀ.ਆਈ. ਨੇ ਸੋਮਵਾਰ ਅੱਜ ਸਵੇਰੇ ਛਾਪੇਮਾਰੀ ਕੀਤੀ। ਇਸ ਦੌਰਾਨ DHFL ਨਾਲ ਜੁੜੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਸੀ.ਬੀ.ਆਈ. ਜਿਹੜੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ ਉਨ੍ਹਾਂ ਦਾ ਸੰਬੰਧ ਰਾਣਾ ਕਪੂਰ, DHFL, RKW ਡਵੈਲਪਰਸ ਅਤੇ DUVP ਨਾਲ ਹੈ। ਇਸ ਤੋਂ ਇਲਾਵਾ ਮੁੰਬਈ ਦੇ ਬਾਂਦਰਾ 'ਚ ਮੌਜੂਦ HDIL ਦੇ ਟਾਵਰ 'ਚ ਵੀ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੀ ਗਈ ਹੈ। 

ਯੈੱਸ ਬੈਂਕ ਦੇ ਸ਼ੇਅਰਾਂ ਵਿਚ 30 ਫੀਸਦੀ ਦੀ ਤੇਜ਼ੀ

ਯੈੱਸ ਬੈਂਕ ਦੇ ਸ਼ੇਅਰਾਂ 'ਚ ਸੋਮਵਾਰ ਨੂੰ 30 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲੀ। ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਇਸ ਬੈਂਕ ਵਿਚ ਭਾਰਤੀ ਸਟੇਟ ਬੈਂਕ ਨੇ 2,450 ਕਰੋੜ ਰੁਪਏ 'ਚ 49 ਫੀਸਦੀ ਹਿੱਸੇਦਾਰੀ ਲੈਣ ਦੀ ਗੱਲ ਕਹੀ, ਜਿਸ ਤੋਂ ਬਾਅਦ ਇਹ ਤੇਜ਼ੀ ਆਈ।
ਸੈਂਸੈਕਸ 'ਚ ਸਭ ਤੋਂ ਵਧ 11 ਫੀਸਦੀ ਦੀ ਗਿਰਾਵਟ ਓ.ਐਨ.ਜੀ.ਸੀ. 'ਚ ਦੇਖੀ ਗਈ। ਇੰਡਸਇੰਡ ਬੈਂਕ, ਆਰ.ਆਈ.ਐਲ., ਪਾਵਰ ਗ੍ਰਿਡ, ਟਾਟਾ ਸਟੀਲ, ਐਲ.ਐਂਡ.ਟੀ., ਐਸ.ਬੀ.ਆਈ. ਅਤੇ ਟੇਕ ਮਹਿੰਦਰਾ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ। ਸਿਰਫ ਸਨ ਫਾਰਮ ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ।

ਕਾਰੋਬਾਰੀਆਂ ਨੇ ਦੱਸਿਆ ਕਿ ਯੈੱਸ ਬੈਂਕ ਦੇ ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਬੈਂਕਿੰਗ ਸੈਕਟਰ ਦੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। ਸ਼ੰਘਾਈ ਸ਼ੇਅਰ ਬਾਜ਼ਾਰ ਵਿਚ 2.41 ਫੀਸਦੀ, ਹਾਂਗਕਾਂਗ ਵਿਚ 3.53 ਫੀਸਦੀ, ਸਿਓਲ 'ਚ 3.89 ਫੀਸਦੀ ਅਤੇ ਟੋਕਿਓ 'ਚ 5.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਇਹ ਖਬਰ ਵੀ ਜ਼ਰੂਰ ਪੜ੍ਹੋ : Yes Bank : ਰਾਣਾ ਕਪੂਰ ਦੇ ਟਿਕਾਣਿਆਂ 'ਤੇ CBI ਦੀ ਛਾਪੇਮਾਰੀ, FIR 'ਚ ਪਤਨੀ-ਬੇਟੀਆਂ ਦੇ ਨਾਂ ਸ਼ਾਮਲ


Related News