ਸੈਂਸੈਕਸ 'ਚ ਜ਼ੋਰਦਾਰ ਉਛਾਲ ਨਾਲ ਨਿਵੇਸ਼ਕਾਂ ਨੂੰ 2.78 ਲੱਖ ਕਰੋੜ ਦਾ ਫਾਇਦਾ
Thursday, Nov 05, 2020 - 07:28 PM (IST)
ਮੁੰਬਈ— ਬਾਜ਼ਾਰ ਲਈ ਵੀਰਵਾਰ ਦਾ ਦਿਨ ਸ਼ਾਨਦਾਰ ਰਿਹਾ। ਵਿਸ਼ਵ ਭਰ ਦੇ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਵਿਚਕਾਰ ਸੈਂਸੈਕਸ 724.02 ਅੰਕ ਯਾਨੀ 1.78 ਫੀਸਦੀ ਦੀ ਛਲਾਂਗ ਲਾ ਕੇ 41,340.16 ਦੇ ਪੱਧਰ 'ਤੇ ਪਹੁੰਚ ਗਿਆ। ਇਸ ਨਾਲ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 2,78,054.29 ਕਰੋੜ ਰੁਪਏ ਵੱਧ ਕੇ 1,62,27,243.78 ਕਰੋੜ ਹੋ ਗਿਆ, ਯਾਨੀ ਨਿਵੇਸ਼ਕਾਂ ਦੀ ਸੰਪਤੀ ਇਕ ਦਿਨ 'ਚ 2.78 ਲੱਖ ਕਰੋੜ ਰੁਪਏ ਵੱਧ ਗਈ।
ਸੈਂਸੈਕਸ ਦੇ ਸਾਰੇ ਸਟਾਕਸ ਹਰੇ ਨਿਸ਼ਾਨ 'ਤੇ ਰਹੇ। ਦੂਜੀ ਤਿਮਾਹੀ 'ਚ ਸ਼ਾਨਦਾਰ ਮੁਨਾਫਾ ਦਰਜ ਕਰਨ ਵਾਲੇ ਐੱਸ. ਬੀ. ਆਈ. ਨੇ ਬੀ. ਐੱਸ. ਈ. 'ਚ 5.63 ਫੀਸਦੀ ਦੀ ਬੜ੍ਹਤ ਦਰਜ ਕੀਤੀ। ਇਸ ਤੋਂ ਇਲਾਵਾ ਸੈਂਸੈਕਸ 'ਚ ਹੋਰ ਸਟਾਕਸ 'ਚ ਟਾਟਾ ਸਟੀਲ, ਇੰਡਸਇੰਡ ਬੈਂਕ, ਬਜਾਜ ਫਾਈਨੈਂਸ ਅਤੇ ਬਜਾਜ ਫਿਨਸਰਵਜ਼ ਵੀ ਲਾਭ 'ਚ ਰਹੇ, ਇਨ੍ਹਾਂ ਨੇ 5.34 ਫੀਸਦੀ ਤੱਕ ਦੀ ਤੇਜ਼ੀ ਦਰਜ ਕੀਤੀ।
ਬੀ. ਐੱਸ. ਈ. ਸੈਕਟਰਲ ਸੂਚਕਾਂ 'ਚ ਮੇਟਲ ਨੇ 4.43 ਫੀਸਦੀ, ਤੇਲ ਤੇ ਗੈਸ ਨੇ 3.19 ਫੀਸਦੀ ਅਤੇ ਬੇਸਿਕ ਮੈਟਰੀਅਲ ਨੇ 2.57 ਫੀਸਦੀ ਅਤੇ ਐਨਰਜ਼ੀ ਸੈਕਟਰ ਨੇ 2.39 ਫੀਸਦੀ ਦੀ ਮਜਬੂਤੀ ਦਰਜ ਕੀਤੀ। ਇਸ ਤੋਂ ਇਲਾਵਾ ਬੀ. ਐੱਸ. ਈ. ਮਿਡ ਕੈਪ ਅਤੇ ਸਮਾਲ ਕੈਪ 1.74 ਫੀਸਦੀ ਤੱਕ ਚੜ੍ਹੇ। ਗੌਰਤਲਬ ਹੈ ਕਿ ਇਸ ਸਾਲ 20 ਜਨਵਰੀ ਨੂੰ ਸੈਂਸੈਕਸ ਦਾ ਸਰਵ-ਉੱਚ ਪੱਧਰ 42,273 ਸੀ। ਬਾਜ਼ਾਰ 'ਚ ਇਸੇ ਤਰ੍ਹਾਂ ਤੇਜ਼ੀ ਬਰਕਰਾਰ ਰਹੀ ਤਾਂ ਇਹ ਜਲਦ ਹੀ ਇਸ ਸਰਵ-ਉੱਚ ਪੱਧਰ ਨੂੰ ਛੂਹ ਸਕਦਾ ਹੈ।