ਬੈਂਕ, IT ਸ਼ੇਅਰਾਂ ਦੇ ਦਮ 'ਤੇ ਸੈਂਸੈਕਸ 996 ਅੰਕ ਵੱਧ ਕੇ 31,600 ਤੋਂ ਪਾਰ

05/27/2020 6:38:20 PM

ਮੁੰਬਈ— ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਪ੍ਰਮੁੱਖ ਸੂਚਕ ਸੈਂਸੈਕਸ ਬੁੱਧਵਾਰ ਨੂੰ 996 ਅੰਕ ਚੜ੍ਹ ਕੇ 31,600 ਤੋਂ ਪਾਰ ਪਹੁੰਚ ਗਿਆ। ਬੈਂਕ ਤੇ ਸੂਚਨਾ ਤਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ 'ਚ ਜ਼ੋਰਦਾਰ ਤੇਜ਼ੀ ਦਰਜ ਕੀਤੀ ਗਈ। ਸੈਂਸੈਕਸ ਕਾਰੋਬਾਰ ਦੌਰਾਨ 31,660.60 ਦੀ ਉਚਾਈ ਨੂੰ ਛੂਹਣ ਮਗਰੋਂ ਅੰਤ 'ਚ 995.92 ਅੰਕ ਯਾਨੀ 3.25 ਫੀਸਦੀ ਵੱਧ ਕੇ 31,605.22 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਨਿਫਟੀ ਵੀ 285.90 ਅੰਕ ਯਾਨੀ 3.17 ਫੀਸਦੀ ਵੱਧ ਕੇ 9,314.95 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ 'ਚ ਐਕਸਿਸ ਬੈਂਕ ਸਭ ਤੋਂ ਬਿਹਤਰ ਪ੍ਰਦਰਸ਼ਨ ਨਾਲ 13 ਫੀਸਦੀ ਲਾਭ 'ਚ ਰਿਹਾ। ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਇੰਡਸਇੰਡ ਬੈਂਕ ਅਤੇ ਬਜਾਜ ਫਾਈਨੈਂਸ ਦੇ ਸ਼ੇਅਰਾਂ 'ਚ ਚੰਗੀ ਬੜ੍ਹਤ ਰਹੀ। ਇਸ ਤੋਂ ਉਲਟ ਸਨ ਫਾਰਮਾ, ਅਲਟ੍ਰਾਟੈਕ ਸੀਮੈਂਟ, ਟਾਈਟਨ ਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ 'ਚ ਗਿਰਾਵਟ ਰਹੀ।

ਬਾਜ਼ਾਰ ਮਾਹਰਾਂ ਮੁਤਾਬਕ, ਕੋਵਿਡ -19 ਮਹਾਂਮਾਰੀ ਨਾਲ ਹੋਣ ਵਾਲੀ ਵਿਘਨਤਾ ਜਾਰੀ ਰਹੇਗੀ ਪਰ ਬਾਜ਼ਾਰ ਕਾਰੋਬਾਰੀ ਗਤੀਵਿਧੀਆਂ ਦੇ ਮੁੜ ਸ਼ੁਰੂ ਹੋਣ ਨਾਲ ਰਾਹਤ ਦਾ ਸਾਹ ਲੈ ਰਿਹਾ ਹੈ। ਬਾਜ਼ਾਰ ਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਦੀ ਆਰਥਿਕਤਾ ਹੌਲੀ-ਹੌਲੀ ਮੁੜ ਲੀਹ 'ਤੇ ਆਵੇਗੀ। ਇਸ ਤੋਂ ਇਲਾਵਾ ਬਾਜ਼ਾਰ ਲਾਕਡਾਊਨ ਦਾ ਅੰਤਿਮ ਹਫਤਾ ਹੋਣ ਤੇ ਆਰਥਿਕਤਾ ਦੇ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਪਹਿਲਾਂ ਸਰਕਾਰ ਤੋਂ ਕੁਝ ਨਵੇਂ ਉਪਾਵਾਂ ਦੀ ਉਮੀਦ ਕਰ ਰਿਹਾ ਹੈ। 

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਦੀਪਕ ਜਸਾਨੀ ਨੇ ਕਿਹਾ, ''ਬੈਂਕਿੰਗ ਸ਼ੇਅਰਾਂ 'ਚ ਕੁਝ ਸੰਸਥਾਗਤ ਖਰੀਦ ਦੇਖਣ ਨੂੰ ਮਿਲੀ। ਲਗਭਗ 4-5 ਦਿਨ ਪਹਿਲਾਂ ਤੱਕ ਕੁਝ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਨਿਰੰਤਰ ਵਿਕਰੇਤਾ ਸਨ। ਇਹ ਖਤਮ ਹੋ ਗਿਆ ਹੈ। ਹੁਣ, ਹੋਰਾਂ ਨੂੰ ਕੀਮਤਾਂ ਆਕਰਸ਼ਕ ਲੱਗ ਰਹੀਆਂ ਹਨ।'' ਉਨ੍ਹਾਂ ਕਿਹਾ ਕਿ ਤਕਨੀਕੀ ਤੌਰ 'ਤੇ ਨਿਫਟੀ ਤੇ ਬੈਂਕ ਨਿਫਟੀ ਆਪਣੇ ਸਮਰਥਨ ਪੱਧਰਾਂ ਤੋਂ ਉਛਲ ਰਹੇ ਹਨ। ਇਸ ਦਾ ਅਰਥ ਹੈ ਕਿ ਅਗਲੇ ਦੋ ਦਿਨਾਂ 'ਚ ਮਾਰਕੀਟ ਸਕਾਰਾਤਮਕ ਹੋਵੇਗੀ।


Sanjeev

Content Editor

Related News