ਸੈਂਸੈਕਸ ''ਚ 2,500 ਅੰਕ ਦੀ ਜ਼ੋਰਦਾਰ ਗਿਰਾਵਟ, ਨਿਫਟੀ 750 ਤੋਂ ਵੱਧ ਡਿੱਗਾ
Thursday, Mar 12, 2020 - 12:05 PM (IST)
ਮੁੰਬਈ— ਗਲੋਬਲ ਬਾਜ਼ਾਰਾਂ 'ਚ ਵਿਕਵਾਲੀ ਦੇ ਮੱਦੇਨਜ਼ਰ ਵੀਰਵਾਰ ਨੂੰ ਕਾਰੋਬਾਰ ਦੇ ਸ਼ੁਰੂ 'ਚ 1,600 ਅੰਕ ਦੀ ਗਿਰਾਵਟ 'ਚ ਖੁੱਲ੍ਹਣ ਮਗਰੋਂ ਸੈਂਸੈਕਸ 'ਚ ਕਮਜ਼ੋਰੀ ਹੋਰ ਵੱਧ ਗਈ ਹੈ। ਤਕਰੀਬਨ 12 ਵਜੇ ਸੈਂਸੈਕਸ 2516.72 ਅੰਕ ਯਾਨੀ 7.05 ਫੀਸਦੀ ਟੁੱਟ ਕੇ 33,180.68 'ਤੇ ਜਾ ਡਿੱਗਾ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਇਸ ਦੌਰਾਨ 753.85 ਅੰਕ ਯਾਨੀ 7.21 ਫੀਸਦੀ ਦੀ ਵੱਡੀ ਗਿਰਾਵਟ ਨਾਲ 9,704.55 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਬੀ. ਐੱਸ. ਈ. ਮਿਡ ਕੈਪ 1,097 ਅੰਕ ਡਿੱਗ ਕੇ 12335.30 'ਤੇ ਆ ਚੁੱਕਾ ਹੈ।
ਬੈਂਕ ਨਿਫਟੀ 2,200 ਅੰਕ ਯਾਨੀ 8.32 ਫੀਸਦੀ ਦੀ ਭਾਰੀ ਗਿਰਾਵਟ ਨਾਲ 24284.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਨਾਲ ਮਿਉਚੁਅਲ ਫੰਡ ਨਿਵੇਸ਼ਕਾਂ ਦੀ ਚਿੰਤਾ ਵੱਧ ਗਈ ਹੈ, ਜਿਨ੍ਹਾਂ ਦੀ ਮਿਚਿਓਰਿਟੀ ਹੋਣ ਵਾਲੀ ਹੈ। ਉੱਥੇ ਹੀ ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 74.25 ਦੇ ਪੱਧਰ 'ਤੇ ਖੁੱਲ੍ਹਾ। ਪਿਛਲੇ ਕਾਰੋਬਾਰੀ ਦਿਨ ਇਹ 73.63 'ਤੇ ਬੰਦ ਹੋਇਆ ਸੀ। ਭਾਰਤੀ ਕਰੰਸੀ ਅਕਤੂਬਰ 2018 ਤੋਂ ਮਗਰੋਂ ਸਭ ਤੋਂ ਹੇਠਲੇ ਪੱਧਰ 'ਤੇ ਹੈ। ਡਾਲਰ ਮਹਿੰਗਾ ਹੋਣ ਨਾਲ ਇੰਪੋਰਟ ਵੀ ਮਹਿੰਗਾ ਹੋਵੇਗਾ। ਹਾਲਾਂਕਿ NRIs ਲਈ ਇਹ ਫਾਇਦੇਮੰਦ ਹੈ।
ਵਿਸ਼ਵ ਭਰ ਦੇ ਬਾਜ਼ਾਰਾਂ 'ਚ ਗਿਰਾਵਟ ਕਿਉਂ?
ਵਿਸ਼ਵ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਵਧਣ ਨਾਲ ਗਲੋਬਲ ਇਕਨੋਮੀ ਨੂੰ ਲੈ ਕੇ ਚਿੰਤਾ ਵੱਧ ਗਈ ਹੈ, ਜਿਸ ਕਾਰਨ ਯੂ. ਐੱਸ. ਬਾਜ਼ਾਰ ਭਾਰੀ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ 1,464.94 ਅੰਕ ਯਾਨੀ 5.9 ਫੀਸਦੀ ਦਾ ਵੱਡਾ ਗੋਤਾ ਖਾ ਕੇ 23,553.22 'ਤੇ ਬੰਦ ਹੋਇਆ ਹੈ। ਇਹ ਪਿਛਲੇ ਮਹੀਨੇ ਦੇ ਰਿਕਾਰਡ ਪੱਧਰ ਤੋਂ ਵੀ 20 ਫੀਸਦੀ ਥੱਲ੍ਹੇ ਆ ਚੁੱਕਾ ਹੈ। ਉੱਥੇ ਹੀ, ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਗਲੋਬਲ ਮਹਾਂਮਾਰੀ ਐਲਾਨ ਕਰ ਦਿੱਤਾ ਹੈ। ਓਧਰ ਟਰੰਪ ਨੇ ਵੀ ਯੂਰਪ 'ਤੇ ਯਾਤਰਾ ਪਾਬੰਦੀ ਲਾ ਦਿੱਤੀ ਹੈ।
ਕੋਰੋਨਾਵਾਇਰਸ ਸੰਕਟ ਕਾਰਨ ਸਪਲਾਈ ਅਤੇ ਟੂਰਿਜ਼ਮ ਇੰਡਸਟਰੀ ਵੱਡੀ ਮੁਸ਼ਕਲ 'ਚ ਘਿਰ ਗਈ ਹੈ। ਗਲੋਬਲ ਇਕਨੋਮੀ 'ਤੇ ਸੰਕਟ ਦੇ ਬੱਦਲਾਂ ਨੇ ਨਿਵੇਸ਼ਕ ਦੀ ਚਿੰਤਾ ਵਧਾ ਦਿੱਤੀ ਹੈ ਤੇ ਸਰਕਾਰਾਂ ਵੱਲੋਂ ਗ੍ਰੋਥ ਲਈ ਕੋਈ ਠੋਸ ਕਦਮ ਨਾ ਉੱਠਦੇ ਦੇਖ ਵਿਕਵਾਲੀ ਕਰ ਰਹੇ ਹਨ।
ਡਾਓ ਜੋਂਸ ਭਾਰੀ ਗਿਰਾਵਟ 'ਚ ਬੰਦ ਹੋਣ ਮਗਰੋਂ ਏਸ਼ੀਆਈ ਬਾਜ਼ਾਰ ਵੀ ਲਾਲ ਨਿਸ਼ਾਨ 'ਤੇ ਹਨ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ ਵੀਰਵਾਰ ਸਵੇਰ ਨੂੰ ਕਾਰੋਬਾਰ ਦੌਰਾਨ 30 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 430 ਅੰਕ ਯਾਨੀ 4.12 ਫੀਸਦੀ ਡਿੱਗ ਕੇ 9,987 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 1,000 ਅੰਕ ਯਾਨੀ 5.17 ਫੀਸਦੀ ਦੀ ਗਿਰਾਵਟ ਨਾਲ 18,412 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 922 ਅੰਕ ਯਾਨੀ 3.53 ਫੀਸਦੀ ਦੀ ਕਮਜ਼ੋਰੀ ਨਾਲ 25223.73 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 3.81 ਫੀਸਦੀ ਡਿੱਗ ਕੇ 1,837 'ਤੇ ਸੀ।
ਇਹ ਵੀ ਪੜ੍ਹੋ ►AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ 'ਬੰਦ', ਤੁਹਾਡੀ ਤਾਂ ਨਹੀਂ ਟਿਕਟ ਬੁੱਕ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ