ਸੈਂਸੈਕਸ ਸ਼ੁਰੂ 'ਚ 300 ਤੋਂ ਵੱਧ ਅੰਕ ਡਿੱਗਾ, ਨਿਫਟੀ 12,200 ਤੋਂ ਥੱਲ੍ਹੇ ਖੁੱਲ੍ਹਾ

01/06/2020 9:19:08 AM

ਮੁੰਬਈ—  ਯੂ. ਐੱਸ.-ਈਰਾਨ ਵਿਵਾਦ ਨਾਲ ਮਿਡਲ ਈਸਟ 'ਚ ਮਚੀ ਖਲਬਲੀ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਣ ਨਾਲ ਸੈਂਸੈਕਸ ਤੇ ਨਿਫਟੀ ਵੱਡੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 313.24 ਅੰਕ ਦੀ ਕਮਜ਼ੋਰੀ ਨਾਲ 41,151.37 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 73.35 ਅੰਕ ਯਾਨੀ 0.60 ਫੀਸਦੀ ਦੀ ਗਿਰਾਵਟ 'ਚ 12,153.30 'ਤੇ ਖੁੱਲ੍ਹਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 140 ਅੰਕ ਦੀ ਕਮਜ਼ੋਰੀ ਤੇ ਬੈਂਕ ਨਿਫਟੀ 'ਚ 325 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 72.01 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.80 ਦੇ ਪੱਧਰ 'ਤੇ ਬੰਦ ਹੋਇਆ ਸੀ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜਨਵਰੀ ਦੇ ਪਹਿਲੇ ਤਿੰਨ ਕਾਰੋਬਾਰੀ ਇਜਲਾਸਾਂ 'ਚ ਭਾਰਤੀ ਪੂੰਜੀ ਬਾਜ਼ਾਰ 'ਚੋਂ 2,418 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਈਰਾਨ ਤੇ ਯੂ. ਐੱਸ. ਵਿਚਕਾਰ ਤਲਖੀ ਹੋਰ ਵਧਦੀ ਹੈ ਤਾਂ ਐੱਫ. ਪੀ. ਆਈ. ਦੀ ਧਾਰਨਾ ਪ੍ਰਭਾਵਿਤ ਹੋਣ ਨਾਲ ਬਾਜ਼ਾਰ 'ਚ ਗਿਰਾਵਟ ਹੋ ਸਕਦੀ ਹੈ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਈਰਾਨ-ਯੂ. ਐੱਸ. ਵਿਚਕਾਰ ਤਲਖੀ ਵਧਣ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਹਲਕੀ ਬੜ੍ਹਤ 'ਚ ਕਾਰੋਬਾਰ ਕਰ ਰਿਹਾ ਸੀ। ਸ਼ੰਘਾਈ ਕੰਪੋਜ਼ਿਟ 'ਚ 0.4 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ।
ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 40 ਅੰਕ ਯਾਨੀ 0.33 ਫੀਸਦੀ ਡਿੱਗ ਕੇ 12,207 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਜਪਾਨ ਦਾ ਬਾਜ਼ਾਰ ਨਿੱਕੇਈ 483 ਅੰਕ ਯਾਨੀ 2.04 ਫੀਸਦੀ ਦੀ ਗਿਰਾਵਟ 'ਚ 23,173 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 200 ਅੰਕ ਯਾਨੀ 0.72 ਫੀਸਦੀ ਕਮਜ਼ੋਰ ਹੋ ਕੇ 28,240 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 24 ਅੰਕ ਯਾਨੀ 1.10 ਫੀਸਦੀ ਦੀ ਗਿਰਾਵਟ 'ਚ 2,152 'ਤੇ ਕਾਰੋਬਾਰ ਕਰ ਰਿਹਾ ਸੀ।  ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.48 ਫੀਸਦੀ ਦੀ ਕਮਜ਼ੋਰੀ ਨਾਲ 3,223 'ਤੇ ਕਾਰੋਬਾਰ ਕਰ ਰਿਹਾ ਸੀ।


Related News