SEBI ਕੋਲ 24000 ਕਰੋੜ ਰੁਪਏ ਬਿਨਾਂ ਵਰਤੋਂ ਤੋਂ ਪਏ ਹਨ, ਰਕਮ ਜਮ੍ਹਾ ਕਰਨ ਲਈ ਕਹਿਣਾ ਸਹੀ ਨਹੀਂ : ਸਹਾਰਾ

Thursday, Dec 30, 2021 - 03:53 PM (IST)

ਨਵੀਂ ਦਿੱਲੀ (ਭਾਸ਼ਾ) – ਸਹਾਰਾ ਸਮੂਹ ਨੇ ਕਿਹਾ ਕਿ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦਾ ਉਸ ਨੂੰ ਹੋਰ ਰਕਮ ਜਮ੍ਹਾ ਕਰਨ ਲਈ ਕਹਿਣਾ ਸਹੀ ਨਹੀਂ ਹੈ ਕਿਉਂਕਿ ਰੈਗੂਲੇਟਰ ਕੋਲ ਜਮ੍ਹਾ 24,000 ਕਰੋੜ ਰੁਪਏ 9 ਸਾਲਾਂ ਤੋਂ ਬਿਨਾਂ ਕਿਸੇ ਵਰਤੋਂ ਦੇ ਪਏ ਹੋਏ ਹਨ।

ਸਹਾਰਾ ਸਮੂਹ ਦਾ ਇਹ ਬਿਆਨ ਸੇਬੀ ਮੁਖੀ ਅਜੇ ਤਿਆਗੀ ਦੇ ਇਕ ਦਿਨ ਪਹਿਲਾਂ ਦਿੱਤੇ ਗਏ ਬਿਆਨ ਤੋਂ ਬਾਅਦ ਆਇਆ ਹੈ, ਜਿਸ ’ਚ ਕਿਹਾ ਗਿਆ ਸੀ ਕਿ ਸਹਾਰਾ ਨੇ ਸੁਪਰੀਮ ਕੋਰਟ ਦੇ 2012 ਦੇ ਫੈਸਲੇ ਮੁਤਾਬਕ ਹੁਣ ਤੱਕ ਪੂਰੀ ਰਕਮ ਜਮ੍ਹਾ ਨਹੀਂ ਕੀਤੀ ਹੈ। ਤਿਆਗੀ ਮੁਤਾਬਕ ਸਹਾਰਾ ਨੇ ਹੁਣ ਤੱਕ ਸਿਰਫ 15,000 ਕਰੋੜ ਹੀ ਜਮ੍ਹਾ ਕਰਵਾਏ ਹਨ ਜਦ ਕਿ ਉਸ ਨੂੰ ਕੁੱਲ 25,781 ਕਰੋੜ ਰੁਪਏ ਦੇਣੇ ਸਨ।

ਸੇਬੀ ਦੀ ਸਾਲ 2020-21 ਰਿਪੋਰਟ ਕਹਿੰਦੀ ਹੈ ਕਿ ਰੈਗੂਲੇਟਰ ਨੇ ਇਸ ਰਕਮ ’ਚ ਸਹਾਰਾ ਦੇ ਬਾਂਡਧਾਰਕਾਂ ਨੂੰ ਸਿਰਫ 12 ਕਰੋੜ ਰੁਪਏ ਹੀ ਮੋੜੇ ਸਨ ਅਤੇ 23000 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕ ਐਸਕ੍ਰੋ ਖਾਤੇ ’ਚ ਜਮ੍ਹਾ ਹੈ। ਸਹਾਰਾ ਮੁਤਾਬਕ ਸੇਬੀ ਦੇ ਮਾਰਚ 2018 ’ਚ ਪ੍ਰਕਾਸ਼ਿਤ ਅੰਤਿਮ ਵਿਗਿਆਪਨ ’ਚ ਕਿਹਾ ਗਿਆ ਸੀ ਕਿ ਜੁਲਾਈ 2018 ਤੋਂ ਬਾਅਦ ਕੋਈ ਵੀ ਦਾਅਵਾ ਸਵੀਕਾਰ ਨਹੀਂ ਕੀਤਾ ਜਾਵੇਗਾ। ਸਹਾਰਾ ਸਮੂਹ ਨੇ ਦਾਅਵਾ ਕੀਤਾ ਕਿ 95 ਫੀਸਦੀ ਤੋਂ ਵੱਧ ਜਮ੍ਹਾਕਰਤਾਵਾਂ ਨੂੰ ਪਹਿਲਾਂ ਹੀ ਪੈਸੇ ਮੋੜੇ ਜਾ ਚੁੱਕੇ ਹਨ।


Harinder Kaur

Content Editor

Related News