ਸਟਾਕਸ ਬਾਜ਼ਾਰ ਨੂੰ ਲੈ ਕੇ ਸੇਬੀ ਦੇ ਇਹ ਨਵੇਂ ਨਿਯਮ ਸੋਮਵਾਰ ਤੋਂ ਹੋਏ ਲਾਗੂ
Monday, Apr 05, 2021 - 03:05 PM (IST)
ਨਵੀਂ ਦਿੱਲੀ- ਸਟਾਕਸ ਬਾਜ਼ਾਰ ਵਿਚ ਧੋਖਾਧੜੀ ਜਾਂ ਮਜਾਕ (ਸਪੂਫਿੰਗ) ਵਿਚ ਖ਼ਰੀਦ ਜਾਂ ਵਿਕਰੀ ਆਰਡਰਾਂ 'ਤੇ ਰੋਕ ਲਈ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਦੇ ਨਵੇਂ ਨਿਯਮ ਸੋਮਵਾਰ ਤੋਂ ਲਾਗੂ ਹੋ ਗਏ ਹਨ।
ਨਵੇਂ ਨਿਯਮਾਂ ਤਹਿਤ ਜੇਕਰ ਕੋਈ ਵਿਅਕਤੀ ਵਾਰ-ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਦੁਹਰਾਉਂਦਾ ਹੈ ਤਾਂ ਉਸ ਦੇ ਕਾਰੋਬਾਰ ਨੂੰ 15 ਮਿੰਟ ਤੋਂ ਦੋ ਘੰਟੇ ਤੱਕ ਲਈ ਰੋਕਿਆ ਜਾ ਸਕਦਾ ਹੈ।
'ਸੂਪਫਿੰਗ' ਵਿਚ ਸ਼ੇਅਰ ਕਾਰੋਬਾਰੀ ਵੱਡੀ ਗਿਣਤੀ ਵਿਚ ਖ਼ਰੀਦ ਜਾਂ ਵਿਕਰੀ ਆਰਡਰ ਕਰਦੇ ਹਨ। ਇਨ੍ਹਾਂ ਆਰਡਰਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਉਹ ਉਸ ਨੂੰ ਰੱਦ ਕਰ ਦਿੰਦੇ ਹਨ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਵੱਡੇ ਆਰਡਰ ਰੱਦ ਹੋਣ ਨਾਲ ਸ਼ੇਅਰ ਕੀਮਤਾਂ ਵਿਚ ਵਾਧਾ ਜਾਂ ਕਮੀ ਆਉਂਦੀ ਹੈ, ਜਿਸ ਨਾਲ ਪ੍ਰਚੂਨ ਨਿਵੇਸ਼ਕ ਪ੍ਰਭਾਵਿਤ ਹੁੰਦੇ ਹਨ। ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੇ ਪਿਛਲੇ ਮਹੀਨੇ ਜਾਰੀ ਸਰਕੂਲਰ ਅਨੁਸਾਰ, ਸੇਬੀ ਅਤੇ ਐਕਸਚੇਂਜਾਂ ਨੇ ਆਰਡਰ ਦੇ ਪੱਧਰ 'ਤੇ ਨਿਗਰਾਨੀ ਨੂੰ ਮਜਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਆਰਡਰਾਂ ਵਿਚ ਸੋਧ ਜਾਂ ਉਨ੍ਹਾਂ ਨੂੰ ਰੱਦ ਕਰਨ 'ਤੇ ਰੋਕ ਲੱਗੇਗੀ। ਨਵੇਂ ਉਪਾਅ ਗਾਹਕਾਂ ਤੋਂ ਇਲਾਵਾ ਬ੍ਰੋਕਰ ਦੇ ਪੱਧਰ 'ਤੇ ਰੋਜ਼ਾਨਾ ਦੀ ਕਾਰੋਬਾਰੀ ਗਤੀਵਧੀਆਂ 'ਤੇ ਲਾਗੂ ਹੋਣਗੇ।