SBI ਹੁਣ ਦੁਕਾਨਦਾਰਾਂ ਲਈ ਜਲਦ ਲਾਂਚ ਕਰਨ ਜਾ ਰਿਹੈ 'ਯੋਨੋ ਮਰਚੈਂਟ ਐਪ'
Saturday, Feb 20, 2021 - 04:30 PM (IST)
ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ ਦੀ ਇਕਾਈ ਐੱਸ. ਬੀ. ਆਈ. ਪੇਮੈਂਟਸ ਜਲਦ ਹੀ ਲੱਖਾਂ ਦੁਕਾਨਦਾਰਾਂ ਲਈ 'ਯੋਨੋ ਮਰਚੈਂਟ' ਐਪ ਲਾਂਚ ਕਰਨ ਜਾ ਰਹੀ ਹੈ। ਸ਼ਨੀਵਾਰ ਨੂੰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ।
'ਯੋਨੋ ਮਰਚੈਂਟ' ਐਪ ਦੀ ਮਦਦ ਨਾਲ ਦੁਕਾਨਦਾਰ ਗਾਹਕਾਂ ਕੋਲੋਂ ਡਿਜੀਟਲ ਤਰੀਕੇ ਨਾਲ ਭੁਗਤਾਨ ਸਵੀਕਾਰ ਕਰ ਸਕਣਗੇ। ਐੱਸ. ਬੀ. ਆਈ. ਦੀ ਯੋਜਨਾ ਇਸ ਪਲੇਟਫਾਰਮ ਨਾਲ 2 ਕਰੋੜ ਸੰਭਾਵਤ ਦੁਕਾਨਦਾਰਾਂ ਨੂੰ ਜੋੜਨ ਦੀ ਹੈ।
ਭਾਰਤੀ ਸਟੇਟ ਬੈਂਕ ਦੇ ਮੁਖੀ ਦਿਨੇਸ਼ ਖਾਰਾ ਨੇ ਕਿਹਾ ਕਿ ਸਾਡੀ ਡਿਜੀਟਲ ਭੁਗਤਾਨ ਇਕਾਈ ਐੱਸ. ਬੀ. ਆਈ. ਪੇਮੈਂਟਸ ਵੱਲੋਂ ਯੋਨੋ ਐੱਸ. ਬੀ. ਆਈ. ਮਰਚੈਂਟ ਐਪ ਲਾਂਚ ਕਰਨ ਦੀ ਘੋਸ਼ਣਾ ਨਾਲ ਮੈਨੂੰ ਬਹੁਤ ਖ਼ੁਸ਼ੀ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਤਿੰਨ ਸਾਲ ਪਹਿਲਾਂ ਯੋਨੋ ਪਲੇਟਫਾਰਮ ਲਾਂਚ ਕੀਤਾ ਸੀ ਅਤੇ ਇਸ ਸਮੇਂ ਇਸ ਦੇ 3.58 ਕਰੋੜ ਰਜਿਸਟਰਡ ਯੂਜ਼ਰਜ਼ ਹਨ। ਉਨ੍ਹਾਂ ਕਿਹਾ ਕਿ ਯੋਨੋ ਮਰਚੈਂਟ ਇਸ ਪਲੇਟਫਾਰਮ ਦਾ ਇਕ ਵਿਸਥਾਰ ਬ੍ਰਾਂਡ ਹੈ, ਜੋ ਦੁਕਾਨਦਾਰਾਂ ਨੂੰ ਸਹੂਲਤ ਪ੍ਰਦਾਨ ਕਰੇਗਾ। ਖਾਰਾ ਨੇ ਕਿਹਾ ਕਿ ਅਗਲੇ 2-3 ਸਾਲਾਂ ਵਿਚ ਲੱਖਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਡਿਜੀਟਾਈਜ਼ ਕਰਨ ਦਾ ਟੀਚਾ ਹੈ।