ਖੁਸ਼ਖਬਰੀ! SBI ਨੇ FD ''ਤੇ ਵਧਾਇਆ ਵਿਆਜ, ਅੱਜ ਤੋਂ ਲਾਗੂ ਹੋਏ ਨਵੇਂ ਰੇਟ

Monday, Jul 30, 2018 - 03:53 PM (IST)

ਖੁਸ਼ਖਬਰੀ! SBI ਨੇ FD ''ਤੇ ਵਧਾਇਆ ਵਿਆਜ, ਅੱਜ ਤੋਂ ਲਾਗੂ ਹੋਏ ਨਵੇਂ ਰੇਟ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਹੋਰ ਆਕਰਸ਼ਤ ਕਰ ਦਿੱਤਾ ਹੈ। ਬੈਂਕ ਨੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ 'ਤੇ ਦਿੱਤੇ ਜਾਣ ਵਾਲੇ ਵਿਆਜ 'ਚ 0.05 ਫੀਸਦੀ ਤੋਂ 0.10 ਫੀਸਦੀ ਤਕ ਦਾ ਵਾਧਾ ਕੀਤਾ ਹੈ। ਹੁਣ ਇਕ ਸਾਲ ਦੀ ਐੱਫ. ਡੀ. 'ਤੇ 6.70 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.65 ਫੀਸਦੀ ਸੀ। ਬੈਂਕਾਂ ਦੇ ਨਵੇਂ ਐੱਫ. ਡੀ. ਵਿਆਜ ਰੇਟ 30 ਜੁਲਾਈ 2018 ਤੋਂ ਲਾਗੂ ਹੋ ਗਏ ਹਨ। ਸਭ ਤੋਂ ਵੱਧ ਫਾਇਦਾ ਸੀਨੀਅਰ ਸਿਟੀਜ਼ਨਸ ਨੂੰ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਹੋਰਾਂ ਦੇ ਮੁਕਾਬਲੇ 0.5 ਫੀਸਦੀ ਵਿਆਜ ਜ਼ਿਆਦਾ ਮਿਲ ਰਿਹਾ ਹੈ।

ਫਿਕਸਡ ਡਿਪਾਜ਼ਿਟ 'ਤੇ ਵਧੇ ਵਿਆਜ :
60 ਸਾਲ ਤੋਂ ਘੱਟ ਉਮਰ ਵਾਲੇ ਗਾਹਕਾਂ ਨੂੰ ਇਕ ਸਾਲ ਦੀ ਐੱਫ. ਡੀ. 'ਤੇ 6.70 ਫੀਸਦੀ ਵਿਆਜ ਮਿਲੇਗਾ, ਯਾਨੀ 1 ਲੱਖ ਰੁਪਏ 'ਤੇ 6,700 ਰੁਪਏ ਤਕ ਦਾ ਫਾਇਦਾ ਹੋਵੇਗਾ। 2 ਸਾਲ ਦੀ ਐੱਫ. ਡੀ. 'ਤੇ ਵਿਆਜ ਦਰ ਵਧਾ ਕੇ 6.75 ਫੀਸਦੀ ਕਰ ਦਿੱਤੀ ਗਈ ਹੈ। 3 ਸਾਲ ਦੀ ਐੱਫ. ਡੀ. 'ਤੇ ਵਿਆਜ ਦਰ 0.10 ਫੀਸਦੀ ਵਧਾ ਕੇ 6.80 ਫੀਸਦੀ ਕੀਤੀ ਗਈ ਹੈ। ਇਸ ਦੇ ਇਲਾਵਾ 5 ਸਾਲ ਅਤੇ 10 ਸਾਲ ਦੀ ਐੱਫ. ਡੀ. ਕਰਾਉਣ 'ਤੇ ਹੁਣ 6.75 ਫੀਸਦੀ ਦੀ ਜਗ੍ਹਾ 6.85 ਫੀਸਦੀ ਵਿਆਜ ਮਿਲੇਗਾ।

ਸੀਨੀਅਰ ਸਿਟੀਜ਼ਨਸ ਨੂੰ ਫਾਇਦਾ :
ਸੀਨੀਅਰ ਸਿਟੀਜ਼ਨਸ ਨੂੰ ਹੁਣ ਇਕ ਸਾਲ ਦੀ ਐੱਫ. ਡੀ. 'ਤੇ 7.20 ਫੀਸਦੀ ਵਿਆਜ ਮਿਲੇਗਾ, ਯਾਨੀ ਇਕ ਲੱਖ ਰੁਪਏ ਦੀ ਐੱਫ. ਡੀ. 'ਤੇ 7,200 ਰੁਪਏ ਦਾ ਫਾਇਦਾ ਹੋਵੇਗਾ। ਇਸੇ ਤਰ੍ਹਾਂ ਦੋ ਸਾਲ ਦੀ ਐੱਫ. ਡੀ. 'ਤੇ ਹੁਣ 7.25 ਫੀਸਦੀ ਵਿਆਜ ਮਿਲੇਗਾ, ਯਾਨੀ ਦੋ ਸਾਲ ਦੀ ਐੱਫ. ਡੀ. ਕਰਾਉਣ 'ਤੇ ਹੋਰ ਵੀ ਕਮਾਈ ਹੋਵੇਗੀ। ਉੱਥੇ ਹੀ 3 ਸਾਲ ਤੋਂ ਲੈ ਕੇ ਅਤੇ 5 ਸਾਲ ਤੋਂ ਘੱਟ ਤਕ ਦੇ ਫਿਕਸਡ ਡਿਪਾਜ਼ਿਟ 'ਤੇ ਸੀਨੀਅਰ ਸਿਟੀਜ਼ਨਸ ਨੂੰ 7.30 ਫੀਸਦੀ ਵਿਆਜ ਮਿਲੇਗਾ। ਬੈਂਕ ਨੇ 5 ਸਾਲ ਤੋਂ 10 ਸਾਲ ਦੀ ਐੱਫ. ਡੀ. 'ਤੇ ਵਿਆਜ 7.25 ਫੀਸਦੀ ਤੋਂ ਵਧਾ ਕੇ 7.35 ਫੀਸਦੀ ਕਰ ਦਿੱਤਾ ਹੈ।


Related News