SBI ਨੇ ਕਰਜ਼ਾ ਦਰ ’ਚ ਕੀਤਾ 0.1 ਫੀਸਦੀ ਦਾ ਵਾਧਾ, ਵਧੇਗੀ EMI

05/16/2022 6:39:08 PM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੀ ਸੀਮਾਂਤ ਲਾਗਤ ਆਧਾਰਿਤ ਕਰਜ਼ਾ ਦਰ (ਐੱਮ. ਸੀ. ਐੱਲ. ਆਰ.) ਵਿਚ 0.1 ਫੀਸਦੀ ਦਾ ਵਾਧਾ ਕੀਤਾ ਹੈ। ਇਸ ਕਦਮ ਨਾਲ ਕਰਜ਼ਾ ਲੈਣ ਵਾਲਿਆਂ ਲਈ ਈ. ਐੱਮ. ਆਈ. ਵਧੇਗੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਕਿਹਾ ਕਿ ਇਕ ਮਹੀਨੇ ’ਚ ਦੂਜੀ ਵਾਰ ਐੱਮ. ਸੀ. ਐੱਲ. ਆਰ. ’ਚ ਵਾਧਾ ਕੀਤਾ ਹੈ ਅਤੇ ਦੋਵੇਂ ਵਾਰ ਮਿਲਾ ਕੇ ਹੁਣ ਤੱਕ 0.2 ਫੀਸਦੀ ਦਾ ਵਾਧਾ ਹੋਇਆ ਹੈ।

ਭਾਰਤੀ ਰਿਜ਼ਰਵ ਬੈਂਕ ਵਲੋਂ ਇਸ ਮਹੀਨੇ ਦੀ ਸ਼ੁਰੂਆਤ ’ਚ ਰੇਪੋ ਦਰ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਸੀ। ਇਸ ਤੋਂ ਬਾਅਦ ਐੱਸ. ਬੀ. ਆਈ. ਨੇ ਇਹ ਵਾਧਾ ਕੀਤਾ। ਐੱਸ. ਬੀ. ਆਈ. ਵਲੋਂ ਉਧਾਰ ਦਰ ’ਚ ਸੋਧ ਤੋਂ ਬਾਅਦ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ’ਚ ਦੂਜੇ ਬੈਂਕ ਵੀ ਅਜਿਹਾ ਕਰਨਗੇ। ਇਸ ਵਾਧੇ ਦੇ ਨਾਲ ਉਨ੍ਹਾਂ ਗਾਹਕਾਂ ਦੀ ਈ. ਐੱਮ. ਆਈ. ਵਧ ਜਾਏਗੀ, ਜਿਨ੍ਹਾਂ ਨੇ ਐੱਮ. ਸੀ. ਐੱਲ. ਆਰ. ’ਤੇ ਕਰਜ਼ਾ ਲਿਆ ਹੈ। ਹਾਲਾਂਕਿ ਹੋਰ ਮਾਪਦੰਡਾਂ ਨਾਲ ਜੁੜੇ ਕਰਜ਼ੇ ਦੀ ਈ. ਐੱਮ. ਆਈ. ਨਹੀਂ ਵਧੇਗੀ।

ਐੱਸ. ਬੀ. ਆਈ. ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਧ ਐੱਮ. ਸੀ. ਐੱਲ. ਆਰ. ਦਰ 15 ਮਈ ਤੋਂ ਲਾਗੂ ਹੈ। ਇਸ ਸੋਧ ਤੋਂ ਬਾਅਦ ਇਕ ਸਾਲ ਦੀ ਐੱਮ. ਸੀ. ਐੱਲ. ਆਰ. 7.10 ਫੀਸਦੀ ਤੋਂ ਵਧ ਕੇ 7.20 ਫੀਸਦੀ ਹੋ ਗਈ ਹੈ। ਜ਼ਿਆਦਾਤਰ ਕਰਜ਼ੇ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਦਰ ਨਾਲ ਜੁੜੇ ਹੁੰਦੇ ਹਨ। ਇਕ ਰਾਤ, ਇਕ ਮਹੀਨੇ ਅਤੇ ਤਿੰਨ ਮਹੀਨਿਆਂ ਦੀ ਐੱਮ. ਸੀ. ਐੱਲ. ਆਰ. 0.10 ਫੀਸਦੀ ਵਧ ਕੇ 6.85 ਫੀਸਦੀ ਹੋ ਗਈ ਜਦ ਕਿ ਛੇ ਮਹੀਨਿਆਂ ਦੀ ਐੱਮ. ਸੀ. ਐੱਲ. ਆਰ. ਵਧ ਕੇ 7.15 ਫੀਸਦੀ ਹੋ ਗਈ।


Harinder Kaur

Content Editor

Related News