ਹੁਣ ਫੋਟੋ ਵਾਲਾ ਡੈਬਿਟ ਕਾਰਡ ਮਿਲੇਗਾ 15 ਮਿੰਟ ''ਚ
Thursday, Nov 30, 2017 - 03:55 PM (IST)
ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਦੀ ਸੁਵਿਧਾ ਲਈ ਦੇਸ਼ 'ਚ 143 ਬਰਾਂਚਾਂ ਨੂੰ 'ਡਿਜੀਟਲ' ਕਰ ਦਿੱਤਾ ਹੈ। ਐੱਸ. ਬੀ. ਆਈ. ਦੀਆਂ ਇਨ੍ਹਾਂ ਬਰਾਂਚਾਂ 'ਚ ਹੁਣ ਕੰਮ ਕੁਝ ਹੀ ਮਿੰਟਾਂ 'ਚ ਹੋ ਜਾਣਗੇ। ਬੈਂਕਿੰਗ ਸੇਵਾਵਾਂ ਦੇ ਇਲਾਵਾ ਇਨ੍ਹਾਂ ਬਰਾਂਚਾਂ 'ਚ ਤੁਸੀਂ ਐੱਸ. ਬੀ. ਆਈ. ਦੀਆਂ ਸਹਿਯੋਗੀ ਕੰਪਨੀਆਂ ਜਿਵੇਂ ਕਿ ਜੀਵਨ ਬੀਮਾ, ਜਨਰਲ ਬੀਮਾ, ਮਿਊਚਅਲ ਫੰਡ, ਕ੍ਰੈਡਿਟ ਕਾਰਡ ਅਤੇ ਐੱਸ. ਬੀ. ਆਈ. ਕੈਪ ਸਕਿਓਰਿਟੀਜ਼ ਜ਼ਰੀਏ ਆਨਲਾਈਨ ਟ੍ਰੇਡਿੰਗ ਨਾਲ ਜੁੜੇ ਸਾਰੇ ਕੰਮ ਕਰ ਸਕਦੇ ਹੋ। ਐੱਸ. ਬੀ. ਆਈ. ਨੇ ਇਨ੍ਹਾਂ ਸਾਰੇ ਕੰਮਾਂ ਲਈ ਖਾਸ ਕਿਓਸਕ ਲਗਾਇਆ ਹੈ। ਅਜਿਹੀਆਂ ਬਰਾਂਚਾਂ ਨੂੰ ਐੱਸ. ਬੀ. ਆਈ. ਨੇ 'ਐੱਸ. ਬੀ. ਆਈ. ਇਨ ਟਚ' ਨਾਮ ਦਿੱਤਾ ਹੈ। ਕਿਓਸਕ ਯਾਨੀ ਤੁਹਾਨੂੰ ਸਾਰਾ ਕੰਮ ਏ. ਟੀ. ਐੱਮ. ਮਸ਼ੀਨਾਂ ਦੀ ਤਰ੍ਹਾਂ ਹੀ ਮਿਲੇਗਾ।
ਐੱਸ. ਬੀ. ਆਈ. ਇਨ ਟਚ ਬਰਾਂਚਾਂ 'ਚ ਤੁਸੀਂ ਬਚਤ ਖਾਤਾ, ਚਾਲੂ ਖਾਤਾ, ਪੀ. ਪੀ. ਐੱਫ. ਖਾਤਾ ਆਦਿ ਆਸਾਨੀ ਨਾਲ ਖੁੱਲ੍ਹਵਾ ਸਕਦੇ ਹੋ। ਇੰਨਾ ਹੀ ਨਹੀਂ ਡੈਬਿਟ ਕਾਰਡ ਪ੍ਰਿੰਟਿੰਗ ਮਸ਼ੀਨ ਦੀ ਮਦਦ ਨਾਲ ਤੁਸੀਂ ਕੁਝ ਟਚ ਜ਼ਰੀਏ ਆਪਣੀ ਪਸੰਦੀਦਾ ਤਸਵੀਰ ਵਾਲਾ ਡੈਬਿਟ ਕਾਰਡ ਸਿਰਫ 15 ਮਿੰਟ 'ਚ ਪ੍ਰਾਪਤ ਕਰ ਸਕਦੇ ਹੋ। ਮਹੱਤਵਪੂਰਨ ਗੱਲ ਇਹ ਹੈ ਕਿ ਡੈਬਿਟ ਕਾਰਡ ਪਿੰ੍ਰਟ ਕਰਨ ਲਈ ਤੁਹਾਡਾ ਉਸ ਬਰਾਂਚ 'ਚ ਖਾਤਾ ਹੋਣਾ ਜ਼ਰੂਰੀ ਨਹੀਂ ਹੈ। ਐੱਸ. ਬੀ. ਆਈ. ਦੀਆਂ ਇਨ੍ਹਾਂ ਬਰਾਂਚਾਂ 'ਚ ਤੁਸੀਂ 24 ਘੰਟੇ 'ਚ ਜਦੋਂ ਮਰਜ਼ੀ ਚੈੱਕ ਜਮ੍ਹਾ ਕਰਵਾ ਸਕਦੇ ਹੋ। ਇਸ ਦੇ ਇਲਾਵਾ ਪਾਸਬੁੱਕ ਪ੍ਰਿੰਟ ਕਰ ਸਕਦੇ ਹੋ ਅਤੇ ਨਾਲ ਨਕਦੀ ਵੀ ਜਮ੍ਹਾ ਕਰ ਸਕਦੇ ਹੋ। ਪੰਜਾਬ 'ਚ ਇਹ ਬਰਾਂਚਾਂ ਤੁਹਾਨੂੰ ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਮੁਕਤਸਰ ਅਤੇ ਰੋਪੜ 'ਚ ਮਿਲਣਗੀਆਂ। ਜਲੰਧਰ 'ਚ ਐੱਸ. ਬੀ. ਆਈ. ਇਨ ਟਚ ਬਰਾਂਚ ਲਾਜਪਤ ਨਗਰ 'ਚ ਹੈ।
