SBI ਦਾ ਵੱਡਾ ਫ਼ੈਸਲਾ, ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਨਾਲ ਰੋਕਿਆ ਲੈਣ-ਦੇਣ

03/04/2022 2:43:53 PM

ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਯੂਕ੍ਰੇਨ ’ਚ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਵਲੋਂ ਪਾਬੰਦੀਸ਼ੁਦਾ ਰੂਸ ਦੀਆਂ ਸੰਸਥਾਵਾਂ ਨਾਲ ਲੈਣ-ਦੇਣ ਬੰਦ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਸਬੰਧ ’ਚ ਐੱਸ. ਬੀ. ਆਈ. ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਐੱਸ. ਬੀ. ਆਈ. ਨੂੰ ਡਰ ਹੈ ਕਿ ਰੂਸ ਦੀਆਂ ਪਾਬੰਦੀਸ਼ੁਦਾ ਸੰਸਥਾਵਾਂ ਦੇ ਨਾਲ ਲੈਣ-ਦੇਣ ਕਰਨ ਨਾਲ ਕਿਤੇ ਉਸ ’ਤੇ ਵੀ ਪੱਛਮੀ ਦੇਸ਼ ਪਾਬੰਦੀ ਨਾ ਲਗਾ ਦੇਵੇ।

ਉਸ ਨੇ ਕਿਹਾ ਕਿ ਅਮਰੀਕਾ, ਯੂਰਪੀ ਸੰਘ ਜਾਂ ਸੰਯੁਕਤ ਰਾਸ਼ਟਰ (ਯੂ. ਐੱਨ.) ਦੀ ਪਾਬੰਦੀਸ਼ੁਦਾ ਸੂਚੀ ’ਚ ਸ਼ਾਮਲ ਸੰਸਥਾਵਾਂ, ਬੈਂਕਾਂ, ਬੰਦਰਗਾਹਾਂ ਜਾਂ ਜਹਾਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਪਾਬੰਦੀਸ਼ੁਦਾ ਸੰਸਥਾਵਾਂ ਨੂੰ ਭੁਗਤਾਨ ਕੀਤੀ ਜਾਣ ਵਾਲੀ ਰਾਸ਼ੀ ਬੈਂਕਿੰਗ ਮਾਧਿਅਮ ਦੀ ਥਾਂ ਹੋਰ ਵਿਵਸਥਾ ਰਾਹੀਂ ਜਾਰੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐੱਸ. ਬੀ. ਆਈ. ਰੂਸ ਦੇ ਮਾਸਕੋ ’ਚ ਕਮਰਸ਼ੀਅਲ ਇੰਡੋ ਬੈਂਕ ਨਾਂ ਨਾਲ ਸਾਂਝਾ ਉੱਦਮ ਸੰਚਾਲਿਤ ਕਰਦਾ ਹੈ। ਇਸ ’ਚ ਕੇਨਰਾ ਬੈਂਕ 40 ਫੀਸਦੀ ਹਿੱਸੇਦਾਰੀ ਨਾਲ ਹੋਰ ਭਾਈਵਾਲ ਹੈ। ਭਾਰਤੀ ਸਟੇਟ ਬੈਂਕ ਨੇ ਇਸ ਮਾਮਲੇ ’ਤੇ ਟਿੱਪਣੀ ਨੂੰ ਲੈ ਕੇ ਭੇਜੇ ਗਏ ਈ-ਮੇਲ ਦਾ ਫਿਲਹਾਲ ਜਵਾਬ ਨਹੀਂ ਦਿੱਤਾ ਹੈ। ਭਾਰਤ ਲਈ ਰੂਸ ਰੱਖਿਆ ਉਤਪਾਦਾਂ ਅਤੇ ਉਪਕਰਨਾਂ ਦਾ ਵੱਡੇ ਸਪਲਾਈਕਰਤਾਵਾਂ ’ਚੋਂ ਇਕ ਹੈ। ਦੋਹਾਂ ਦੇਸ਼ਾਂ ਦਰਮਿਆਨ ਦੋਪੱਖੀ ਕਾਰੋਬਾਰ ਚਾਲੂ ਵਿੱਤੀ ਸਾਲ ’ਚ ਹੁਣ ਤੱਕ 9.4 ਅਰਬ ਡਾਲਰ ਰਿਹਾ ਜਦ ਕਿ 2020-21 ’ਚ ਇਹ 8.1 ਅਰਬ ਡਾਲਰ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸੜਕ ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਨੂੰ ਦਿੱਤਾ ਜਾਵੇਗਾ ਪਹਿਲਾਂ ਨਾਲੋਂ 8 ਗੁਣਾ ਜ਼ਿਆਦਾ ਮੁਆਵਜ਼ਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News